Open poll of : ਜਲੰਧਰ : ਜਿਲ੍ਹੇ ‘ਚ 5 ਮਹੀਨੇ ਤੋਂ ਕੋਰੋਨਾ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ। ਡੀ. ਸੀ. ਵੀ ਐਮਰਜੈਂਸੀ ਹਾਲਤ ‘ਚ ਆਉਣ ਵਾਲੇ ਮਰੀਜ਼ਾਂ ਨੂੰ ਇਲਾਜ ਦੇਣ ਲਈ ਕਹਿ ਚੁੱਕੇ ਹਨ ਪਰ ਡਾਕਟਰਾਂ ਦੇ ਗਲਤ ਰਵੱਈਏ ਕਾਰਨ ਮਰੀਜ਼ ਦਮ ਤੋੜ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਸ਼ੁੱਕਰਵਾਰ ਨੂੰ ਸਾਹਮਣੇ ਆਇਆ ਜਦੋਂ 16 ਸਾਲ ਦੇ ਸੰਨੀ ਦੀ ਅਜਿਹੇ ਹੀ ਹਾਲਾਤਾਂ ‘ਚ ਮੌਤ ਹੋ ਗਈ। ਸੰਨੀ ਦੇ ਪਿਤਾ ਨੇ ਦੱਸਿਆ ਕਿ ਬੇਟੇ ਨੂੰ ਕੁਝ ਦਿਨ ਪਹਿਲਾਂ ਬੁਖਾਰ ਤੇ ਪਿੱਠ ‘ਚ ਦਰਦ ਸ਼ੁਰੂ ਹੋਇਆ। ਪਿੱਠ ਦਾ ਐਕਸਰੇ ਵੀ ਕਰਵਾਇਆ। ਡਾਕਟਰ ਨੇ ਜਕੜਣ ਕਹਿ ਕੇ ਘਰ ਭੇਜ ਦਿੱਤਾ ਪਰ ਦੋ ਦਿਨ ਬਾਅਦ ਉਸ ਨੂੰ ਦੁਬਾਰਾ ਦਰਦ ਸ਼ੁਰੂ ਹੋ ਗਈ। ਫਿਰ ਉਹ ਕਿਸੇ ਚੈਰੀਟੇਬਲ ਹਸਪਤਾਲ ‘ਚ ਗਏ ਜਿਥੇ ਸਪੈਸ਼ਲਿਸਟ ਨਾ ਹੋਣ ਦੀ ਗੱਲ ਕਹੀ ਗਈ ਤੇ ਐਮਰਜੈਂਸੀ ਦਾ ਇੱਕ ਦਿਨ ਦਾ ਖਰਚਾ 10,000 ਰੁਪਏ ਦੱਸਿਆ ਗਿਆ। ਡਾਕਟਰਾਂ ਨੇ ਕੋਰੋਨਾ ਟੈਸਟ ਕਰਵਾਉਣ ਲਈ ਕਿਹਾ ਤੇ ਦੱਸਿਆ ਕਿ ਜੇਕਰ ਮੁਫਤ ਟੈਸਟ ਕਰਵਾਉਣਾ ਹੈ ਤਾਂ ਸਿਵਲ ਹਸਪਤਾਲ ਜਾਓ। ਸਿਵਲ ਹਸਪਤਾਲ ‘ਚ 12 ਵਜੇ ਪਹੁੰਚੇ ਸੰਨੀ ਨੇ 1.30 ਵਜੇ ਆਖਰੀ ਸਾਹ ਲਏ।
ਪਿਤਾ ਕਮਲੇਸ਼ ਨੇ ਦੱਸਿਆ ਕਿ ਜਦੋਂ ਸੰਨੀ ਨੂੰ ਸਿਵਲ ‘ਚ ਦਾਖਲ ਕੀਤਾ ਗਿਆ ਤਾਂ ਉਸ ਨੂੰ ਹੋਸ਼ ਸੀ। ਡਾਕਟਰਾਂ ਨੇ ਖੂਨ ਦਾ ਸੈਂਪਲ ਲਿਆ ਤੇ ਬਾਥਰੂਮ ਵਾਲੀ ਜਗ੍ਹਾ ਪਾਈਪ ਲਗਾ ਦਿੱਤੀ। ਉਸ ‘ਚ ਖੂਨ ਆਇਆ ਤਾਂ ਡਾਕਟਰ ਕੁਝ ਨਹੀਂ ਬੋਲੇ ਕੀ ਹੋਇਆ ਹੈ। ਬਾਅਦ ‘ਚ ਬੇਟੇ ਦੀ ਮੌਤ ਹੋ ਗਈ। ਦੂਜੇ ਪਾਸੇ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਜਦੋਂ ਮਰੀਜ਼ ਸਿਵਲ ‘ਚ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਨਾਜ਼ੁਕ ਸੀ। ਸੈਚੂਰੇਸ਼ਨ ਠੀਕ ਸੀ ਪਰ TLC ਵਧੀ ਅਤੇ ਪੇਲਟਲੈਟਸ ਘੱਟ ਆਏ ਸਨ। ਮਰੀਜ਼ ਨੂੰ ਕਾਫੀ ਇੰਫੈਕਸ਼ਨ ਸੀ।
ਸਿਵਲ ਹਸਪਤਾਲ ਦੀ ਐਮਰਜੈਂਸੀ ਦੇ ਬਾਹਰ 2 ਘੰਟੇ ਤੋਂ ਬੇਹੋਸ਼ ਬੈਠੀ ਸੰਨੀ ਦੀ ਮਾਂ ਗੀਤਾ ਵਾਰ-ਵਾਰ ਇਹੀ ਕਹਿੰਦੀ ਰਹੀ ਕਿ ਜੇਕਰ ਉਸ ਦੇ ਪੁੱਤਰ ਦਾ ਇਲਾਜ ਸਮੇਂ ਸਿਰ ਹੋ ਜਾਂਦਾ ਤਾਂ ਉਹ ਜ਼ਿੰਦਾ ਹੁੰਦਾ। ਜਿਲ੍ਹਾ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਦੇ ਇਲਾਜ ਲਈ ਸਹੂਲਤਾਂ ਦੇਣ ਦੇ ਫੋਕੇ ਦਾਅਵੇ ਕੀਤੇ ਜਾਂਦੇ ਰਹੇ ਹਨ ਪਰ ਅਸਲ ‘ਚ ਡਾਕਟਰਾਂ ਦੀ ਲਾਪ੍ਰਵਾਹੀ ਤੇ ਸਮੇਂ ਸਿਰ ਸਿਹਤ ਸਹੂਲਤਾਂ ਨਾ ਮਿਲਣ ਕਾਰਨ ਬਹੁਤ ਸਾਰੇ ਮਰੀਜ਼ਾਂ ਨੂੰ ਆਪਣੀ ਜਾਨ ਤੋਂ ਹੱਥ ਗੁਆਉਣਾ ਪੈਂਦਾ ਹੈ। ਅਜਿਹੇ ‘ਚ ਸਵਾਲ ਉਠਦਾ ਹੈ ਕਿ ਅਜਿਹੀਆਂ ਹੋ ਰਹੀਆਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ?