ਐਤਵਾਰ ਨੂੰ ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਪੇਂਟ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਦਰਅਸਲ, ਫੈਕਟਰੀ ਦੇ ਅੰਦਰ ਰੱਖੇ ਕੈਮੀਕਲਾਂ ਕਾਰਨ ਅੱਗ ‘ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਫੈਕਟਰੀ ਇੱਕ ਘਰ ਵਿੱਚ ਚੱਲ ਰਹੀ ਸੀ। ਅੱਗ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਅੱਗ ਦੀਆਂ ਵੱਡੀਆਂ-ਵੱਡੀਆਂ ਲਪਟਾਂ ਤੇ ਕਾਲੇ ਧੂੰਏਂ ਦਾ ਗੁਬਾਰ ਚਾਰ ਪਾਸੇ ਫੈਲ ਗਿਆ ਹੈ। ਅੱਗ ਦੀ ਘਟਨਾ ਨਾਲ ਇਲਾਕੇ ਵਿਚ ਹੜਕੰਪ ਮਚਿਆ ਹੋਇਆ ਹੈ।
ਏਸੀਪੀ ਸੈਂਟਰਲ ਜਸਪਾਲ ਸਿੰਘ ਦੀ ਜਾਣਕਾਰੀ ਅਨੁਸਾਰ, ਇਹ ਫੈਕਟਰੀ ਇੱਕ ਘਰ ਵਿੱਚ ਚੱਲ ਰਹੀ ਸੀ। ਨੇੜੇ ਹੀ ਇੱਕ ਰਿਹਾਇਸ਼ੀ ਇਲਾਕਾ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਘਰਾਂ ਨੂੰ ਖਾਲੀ ਕਰਵਾ ਲਿਆ ਗਿਆ ਹੈ। ਸਵੇਰੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਆਲੇ-ਦੁਆਲੇ ਦੇ ਵਸਨੀਕਾਂ ਨੇ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਸੂਚਿਤ ਕੀਤਾ। ਫਾਇਰ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਹੁਣ ਤੱਕ 10 ਫਾਇਰ ਟੈਂਡਰ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਪੇਂਟ ਫੈਕਟਰੀ ਹੋਣ ਕਰਕੇ ਅੰਦਰ ਕਈ ਤਰ੍ਹਾਂ ਦੇ ਜਲਣਸ਼ੀਲ ਰਸਾਇਣ ਪਏ ਸਨ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਹੁਣ ਇਸ ‘ਤੇ ਕਾਬੂ ਪਾਉਣਾ ਮੁਸ਼ਕਲ ਹੁੰਦਾ ਜਾ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਅੱਗ ‘ਤੇ ਕਾਬੂ ਪਾਉਣ ਲਈ ਫੋਮ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਦਸ ਗੱਡੀਆਂ ਮੌਕੇ ‘ਤੇ ਮੌਜੂਦ ਹਨ, ਜੋ ਵਾਰੀ-ਵਾਰੀ ਅੱਗ ‘ਤੇ ਕਾਬੂ ਪਾ ਰਹੀਆਂ ਹਨ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ‘ਚ ਔਰਤਾਂ ਦੇ ਮੁਫ਼ਤ ਸਫਰ ਨੂੰ ਲੈ ਕੇ ਮੰਤਰੀ ਭੁੱਲਰ ਦਾ ਵੱਡਾ ਬਿਆਨ, ਦੱਸਿਆ ਸਰਕਾਰ ਦਾ ਫੈਸਲਾ
ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਸ਼ੁਰੂਆਤੀ ਤੌਰ ‘ਤੇ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਜਾਪਦਾ ਹੈ, ਪਰ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ, “ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫੈਕਟਰੀ ਕਿਸੇ ਰਿਹਾਇਸ਼ੀ ਖੇਤਰ ਵਿੱਚ ਗੈਰ-ਕਾਨੂੰਨੀ ਤੌਰ ‘ਤੇ ਚੱਲ ਰਹੀ ਸੀ ਜਾਂ ਨਹੀਂ। ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ।”
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























