PM Modi congratulates Biba : ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਜਨਮ ਦਿਨ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਬਾ ਬਾਦਲ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਟਵਿੱਟਰ ’ਤੇ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਲੰਬੀ ਤੇ ਸਿਹਤਮੰਦ ਜ਼ਿੰਦਗੀ ਲਈ ਅਰਦਾਸ ਕਰਦਿਆਂ ਲਿਖਿਆ ਕਿ ਫੂਡ ਪ੍ਰਾਸੈਸਿੰਗ ਦੇ ਮਹੱਤਵਪੂਰਨ ਸੈਕਟਰ ਨੂੰ ਮਜ਼ਬੂਤ ਕਰਨ ਲਈ ਬੀਬਾ ਬਾਦਲ ਦੇ ਯਤਨ ਸ਼ਲਾਘਾਯੋਗ ਹਨ। ਉਨ੍ਹਾਂ ਨੇ ਇਸ ਦੇ ਨਾਲ ਹੀ ਲਿਖਿਆ ਕਿ ਸ਼੍ਰੀਮਤੀ ਬਾਦਲ ਭਾਰਤ ਦੇ ਮਿਹਨਤੀ ਕਿਸਾਨਾਂ ਦੀ ਤਰੱਕੀ ਲਈ ਵੀ ਉਤਸ਼ਾਹ ਨਾਲ ਕੰਮ ਕਰਦੇ ਹਨ। ਮੈਂ ਉਸ ਦੀ ਲੰਬੀ ਅਤੇ ਤੰਦਰੁਸਤੀ ਭਰੀ ਜ਼ਿੰਦਗੀ ਲਈ ਅਰਦਾਸ ਕਰਦਾ ਹਾਂ।
ਅੱਜ ਬੀਬਾ ਹਰਸਿਮਰਤ ਕੌਰ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦੀ ਅਸੀਸ ਲਈ। ਹਾਲਾਂਕਿ ਇਸ ਮੌਕੇ ਉਨ੍ਹਾਂ ਨੇ ਮਾਸਕ ਨਹੀਂ ਪਾਇਆ ਹੋਇਆ ਸੀ, ਜਦਕਿ ਉਨ੍ਹਾਂ ਦੇ ਸਟਾਫ ਦੇ ਮੂੰਹ ਢਕੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਗੁਰਬਾਣੀ ਕੀਰਤਨ ਸਰਵਣ ਕੀਤਾ ਤੇ ਪਰਿਕ੍ਰਮਾ ਕੀਤੀ ਅਤੇ ਅਕਾਲ ਤਖਤ ਸਾਹਿਬ ਦੇ ਪਿਛਲੇ ਪਾਸੇ ਬਾਬਾ ਗੁਰਬਖਸ਼ ਸਿੰਘ ਜੀ ਦੇ ਗੁਰਦੁਆਰੇ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੁਆਏ।
ਦੱਸਣਯੋਗ ਹੈ ਕਿ ਬੀਬਾ ਬਾਦਲ ਨੇ ਅੱਜ ਆਪਣਾ 54ਵਾਂ ਜਨਮ ਦਿਨ ਮਨਾ ਰਹੇ ਹਨ। ਉਨ੍ਹਾਂ ਨੇ 2009 ਵਿਚ ਆਪਣਾ ਸਿਆਸੀ ਸਫਰ ਸ਼ੁਰੂ ਕੀਤਾ, ਜਦੋਂ ਉਨ੍ਹਾਂ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਰਨਿੰਦਰ ਸਿੰਘ ਨੂੰ 120960 ਵੋਟਾਂ ਨਾਲ ਹਰਾ ਕੇ ਲੋਕ ਸਭਾ ਸੀਟ ਬਠਿੰਡਾ ਤੋਂ ਸੰਸਦ ਮੈਂਬਰ ਚੁਣੇ ਗਏ। 2014 ਵਿਚ ਉਹ ਦੁਬਾਰਾ ਮਨਪ੍ਰੀਤ ਬਾਦਲ ਨੂੰ ਹਰਾ ਕੇ ਸੰਸਦ ਮੈਂਬਰ ਬਣੇ। 2019 ਵਿਚ ਉਨ੍ਹਾਂ ਨੇ 21,772 ਵੋਟਾਂ ਨਾਲ ਬਠਿੰਡਾ ਤੋਂ ਲੋਕ ਸਭਾ ਚੋਣਾਂ ਜਿੱਤੀਆਂ। 30 ਮਈ 2019 ਵਿਚ ਉਨ੍ਹਾਂ ਨੇ ਕੇਂਦਰੀ ਫੂਡ ਐਂਡ ਪ੍ਰੋਸੈਸਿੰਗ ਮੰਤਰੀ ਵਜੋਂ ਸਹੁੰ ਚੁੱਕੀ।