ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹੈ। ਸਿਆਸੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ। ਇਸੇ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਚੋਣ ਰੈਲੀ ਨੂੰ ਸੰਬੋਧਿਤ ਕਰਨ ਲਈ ਜਲੰਧਰ ਪਹੁੰਚੇ। ਰੈਲੀ ਨੂੰ ਸੰਬੋਧਿਤ ਕਰਦਿਆਂ ਉਨ੍ਹਾਂ ਵੱਲੋਂ ਚੰਨੀ ਸਰਕਾਰ ‘ਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ । 5 ਜਨਵਰੀ ਨੂੰ ਫਿਰੋਜ਼ਪੁਰ ਰੈਲੀ ਦੌਰਾਨ ਸੁਰੱਖਿਆ ਵਿੱਚ ਕੁਤਾਹੀ ਲਈ ਸੂਬਾ ਸਰਕਾਰ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਜਲੰਧਰ ਦੇ ਇੱਕ ਮੰਦਿਰ ਵਿੱਚ ਜਾ ਕੇ ਪੂਜਾ ਅਰਚਨਾ ਕਰਨਾ ਚਾਹੁੰਦੇ ਹਨ, ਪਰ ਇੱਥੋਂ ਦੇ ਪ੍ਰਸ਼ਾਸਨ ਅਤੇ ਪੁਲਿਸ ਨੇ ਹੱਥ ਖੜ੍ਹੇ ਕਰ ਦਿੱਤੇ । ਉਨ੍ਹਾਂ ਕਿਹਾ ਕਿ ਅਸੀਂ ਪ੍ਰਬੰਧ ਨਹੀਂ ਕਰ ਸਕਾਂਗੇ, ਤੁਸੀਂ ਹੈਲੀਕਾਪਟਰ ਰਾਹੀਂ ਚਲੇ ਜਾਓ । ਇਹ ਇਥੋਂ ਦੀ ਸੂਬਾ ਸਰਕਾਰ ਦੇ ਹਾਲ ਹਨ । ਪਰ ਮੈਂ ਮਾਂ ਦੇ ਦਰਸ਼ਨਾਂ ਲਈ ਜ਼ਰੂਰ ਜਾਵਾਂਗਾ ਤੇ ਉਨ੍ਹਾਂ ਦੇ ਚਰਨਾਂ ਵਿੱਚ ਸਿਰ ਝੁਕਾਵਾਂਗਾ।
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਸ ਦਾ ਇਤਿਹਾਸ ਰਿਹਾ ਹੈ ਕਿ ਉਹ ਪੰਜਾਬ ਲਈ ਕੰਮ ਨਹੀਂ ਕਰ ਸਕਦੀ, ਕਿਉਂ ਕਿ ਜਿਹੜਾ ਕੋਈ ਕੰਮ ਕਰਨਾ ਚਾਹੁੰਦਾ ਹੈ, ਉਸ ਨੂੰ ਕੰਮ ਕਰਨ ਨਹੀਂ ਦਿੱਤਾ ਜਾਂਦਾ । ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਬਚਾਅ ਵਿੱਚ ਬੋਲਦਿਆਂ ਕਿਹਾ ਕਿ ਕੈਪਟਨ ਨੇ ਜੇਕਰ ਕੇਂਦਰ ਸਰਕਾਰ ਨਾਲ ਮਿਲ ਕੇ ਸੰਵਿਧਾਨ ਅਨੁਸਾਰ ਕੰਮ ਕੀਤਾ ਹੈ ਤਾਂ ਇਸ ਵਿੱਚ ਗਲਤ ਕੀ ਹੈ?
ਦੱਸ ਦੇਈਏ ਕਿ ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਕਿਹਾ ਕਿ ਇਸ ਵਾਰ ਪੰਜਾਬ ਵਿੱਚ NDA ਦੀ ਸਰਕਾਰ ਬਣਨ ਜਾ ਰਹੀ ਹੈ । ਉਨ੍ਹਾਂ ਕਿਹਾ ਕਿ ਮੈਂ ਨੌਜਵਾਨਾਂ ਨੂੰ ਵਿਸ਼ਵਾਸ ਦਿਵਾਉਣ ਆਇਆ ਹਾਂ ਕਿ ਮੈਂ ਤੁਹਾਡੇ ਉੱਜਵਲ ਭਵਿੱਖ ਵਿੱਚ ਕੋਈ ਕਮੀ ਨਹੀਂ ਆਉਣ ਦਿਆਂਗਾ। ਸਾਡੀ ਸਰਕਾਰ ਨਵਾਂ ਪੰਜਾਬ ਬਣਾਵੇਗੀ ਤੇ ਇਹ ਨਵਾਂ ਪੰਜਾਬ ਕਰਜ਼ੇ ਤੋਂ ਮੁਕਤ ਅਤੇ ਮੌਕਿਆਂ ਨਾਲ ਭਰਪੂਰ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: