Poisoned drug given : ਮੋਗਾ ਥਾਣਾ ਸਦਰ ਅਧੀਨ ਪੈਂਦੇ ਪਿੰਡ ਮੰਗੇਵਾਲਾ ਨਿਵਾਸੀ 21 ਸਾਲਾ ਇੱਕ ਨੌਜਵਾਨ ਦੀ ਜ਼ਹਿਰੀਲੀ ਦਵਾਈ ਪੀਣ ਨਾਲ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਸਦਰ ਦੇ ਏ. ਐੱਸ. ਆੀ. ਸਤਨਾਮ ਸਿੰਘ ਨੇ ਦੱਸਿਆ ਕਿ ਪ੍ਰਗਟ ਸਿੰਘ ਨਿਵਾਸੀ ਪਿੰਡ ਮੰਗੇਵਾਲਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ ‘ਚ ਕਿਹਾ ਕਿ ਉਸ ਦੇ ਬੇਟੇ ਚਮਕੌਰ ਸਿੰਘ (21) ਦੇ ਉਨ੍ਹਾਂ ਦੇ ਗੁਆਂਢ ‘ਚ ਰਹਿਣ ਵਾਲੀ ਮਾਇਆ ਨਾਂ ਦੀ ਲੜਕੀ ਨਾਲ ਪ੍ਰੇਮ ਸਬੰਧ ਸੀ।
ਲਗਭਗ 6 ਸਾਲ ਤੋਂ ਦੋਵਾਂ ਦੇ ਪ੍ਰੇਮ ਸਬੰਧ ਚੱਲ ਰਹੇ ਸਨ ਤੇ ਦੋਵੇਂ ਇੱਕ ਦੂਜੇ ਨਾਲ ਵਿਆਹ ਕਰਨਾ ਚਾਹੁੰਦੇ ਸਨ ਪਰ ਲੜਕੀ ਦਾ ਪਰਿਵਾਰ ਇਸ ਵਿਆਹ ਤੋਂ ਇਨਕਾਰ ਕਰ ਰਿਹਾ ਸੀ। ਬੀਤੀ 28 ਅਕਤੂਬਰ ਦੀ ਰਾਤ ਨੂੰ ਜਦੋਂ ਸ਼ਿਕਾਇਤਕਰਤਾ ਦਾ ਬੇਟਾ ਚਮਕੌਰ ਸਿੰਘ ਆਪਣੇ ਘਰ ਦੀ ਛੱਤ ‘ਤੇ ਸੌਂ ਰਿਹਾ ਸੀ ਤਾਂ ਇਸ ਦੌਰਾਨ ਮਾਇਆ ਉਨ੍ਹਾਂ ਦੇ ਘਰ ਕੋਲ ਗਲੀ ‘ਚ ਆਈ ਤੇ ਗਲੀ ‘ਚ ਜ਼ਹਿਰੀਲੀ ਦਵਾਈ ਦੀ ਬੋਤਲ ਚਮਕੌਰ ਸਿੰਘ ਨੂੰ ਛੱਤ ‘ਤੇ ਸੁੱਟ ਦਿੱਤੀ ਤੇ ਕਿਹਾ ਕਿ ਉਨ੍ਹਾਂ ਦੋਵਾਂ ਦਾ ਵਿਆਹ ਨਹੀਂ ਹੋ ਸਕਦਾ ਤਾਂ ਉਹ ਦੋਵੇਂ ਇਕੱਠੇ ਖੁਦਕੁਸ਼ੀ ਕਰ ਲੈਂਦੇ ਹਨ। ਮਾਇਆ ਨੇ ਚਮਕੌਰ ਨੂੰ ਕਿਹਾ ਕਿ ਉਹ ਅੱਧੀ ਦਵਾਈ ਪੀ ਕੇ ਬਾਕੀ ਉਸ ਨੂੰ ਦੇ ਦੇਵੇ। ਚਮਕੌਰ ਨੇ ਮਾਇਆ ਦੇ ਝਾਂਸੇ ‘ਚ ਆ ਕੇ ਅੱਧੀ ਦਵਾਈ ਪਈ ਲਈ ਤੇ ਬਾਕੀ ਦੀ ਦਵਾਈ ਉਸ ਨੂੰ ਦੇ ਦਿੱਤੀ।
ਪਰ ਮਾਇਆ ਨੇ ਦਵਾਈ ਨਹੀਂ ਪੀਤੀ ਅਤੇ ਉਹ ਬੋਦਲ ਲੈ ਕੇ ਵਾਪਸ ਆਪਣੇ ਘਰ ਚਲੀ ਗਈ। ਇਸ ਦੌਰਾਨ ਚਮਕੌਰ ਸਿੰਘ ਦੀ ਤਬੀਅਤ ਵਿਗੜਨ ਲੱਗੀ ਤਾਂ ਪਰਿਵਾਰ ਵਾਲਿਆਂ ਨੇ ਉਸ ਨੂੰ ਮੋਗਾ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਜਿਥੇ ਇਲਾਜ ਦੌਰਾਨ 1 ਨਵੰਬਰ ਦੀ ਸ਼ਾਮ ਨੂੰ ਉਸ ਦੀ ਮੌਤ ਹੋ ਗਈ। ਚਮਕੌਰ ਦੀ ਮੌਤ ਤੋਂ ਬਾਅਦ ਮਾਇਆ ਤੇ ਉਸ ਦਾ ਸਾਰਾ ਪਰਿਵਾਰ ਘਰ ਛੱਡ ਕੇ ਫਰਾਰ ਹੋ ਗਏ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਫਲਿਹਾਲ ਪ੍ਰਗਟ ਸਿੰਘ ਦੇ ਬਿਆਨ ‘ਤੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਪੂਰੀ ਹੋਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।