ਪੰਜਾਬ ਕਾਂਗਰਸ ਵਿੱਚ ਜਾਰੀ ਕਲੇਸ਼ ਵਿਚਾਲੇ ਪਹਿਲੀ ਵਾਰ ਕੈਪਟਨ ਅਮਰਿੰਦਰ ਸਿੰਘ ਮੰਗਲਵਾਰ ਯਾਨੀ ਕਿ ਅੱਜ ਨਵੀਂ ਦਿੱਲੀ ਵਿੱਚ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨਗੇ ।
ਇਸ ਤੋਂ ਪਹਿਲਾਂ ਦਿੱਲੀ ਵਿੱਚ ਪਾਰਟੀ ਹਾਈ ਕਮਾਨ ਵੱਲੋਂ ਗਠਿਤ ਤਿੰਨ ਮੈਂਬਰੀ ਕਮੇਟੀ ਨਾਲ ਮੁਲਾਕਾਤ ਕਰ ਚੁੱਕੇ ਹਨ । ਇਨ੍ਹੀਂ ਦਿਨੀਂ ਪੰਜਾਬ ਕਾਂਗਰਸ ਦੇ ਨੇਤਾਵਾਂ ਵਿੱਚ ਮਤਭੇਦ ਸਿਖਰ ‘ਤੇ ਹਨ। ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧ ਰਹੇ ਹਨ।
ਦਰਅਸਲ, ਮੰਗਲਵਾਰ ਯਾਨੀ ਕਿ ਅੱਜ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਸੂਬਾ ਇਕਾਈ ਵਿੱਚ ਜਜ਼ਬ ਕਰਨ ਅਤੇ ਪਾਰਟੀ ਦੇ ਸੰਕਟ ਨੂੰ ਖਤਮ ਕਰਨ ਦੇ ਫਾਰਮੂਲੇ ‘ਤੇ ਕੈਪਟਨ ਅਤੇ ਉੱਚ ਲੀਡਰਸ਼ਿਪ ਵਿਚਕਾਰ ਵਿਚਾਰ-ਵਟਾਂਦਰੇ ਕੀਤੇ ਜਾਣਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 30 ਜੂਨ ਨੂੰ ਨਵਜੋਤ ਸਿੰਘ ਸਿੱਧੂ ਨੇ ਨਵੀਂ ਦਿੱਲੀ ਵਿੱਚ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ । ਹਾਲਾਂਕਿ, ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਮੈਂ ਸਿੱਧੂ ਨੂੰ ਮਿਲਣ ਲਈ ਨਹੀਂ ਬੁਲਾਇਆ । ਹਾਲਾਂਕਿ, ਬਾਅਦ ਵਿੱਚ ਦੋਵੇਂ ਆਗੂਆਂ ਨੇ ਮੁਲਾਕਾਤ ਕੀਤੀ ਅਤੇ ਸਿੱਧੂ ਨੇ ਆਪਣਾ ਪੱਖ ਰੱਖਿਆ।
ਇਹ ਵੀ ਪੜ੍ਹੋ: IPL ‘ਚ ਦੋ ਨਵੀਆਂ ਟੀਮਾਂ ਦੀ ਐਂਟਰੀ ਲਈ BCCI ਤਿਆਰ, ਜਾਣੋ ਹੁਣ ਕਿੰਨੇ ਖਿਡਾਰੀ ਹੋ ਸਕਣਗੇ Retain !
ਦੱਸ ਦੇਈਏ ਕਿ ਕੇਂਦਰੀ ਲੀਡਰਸ਼ਿਪ ਅਗਲੇ ਸਾਲ ਸੂਬੇ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵਿੱਚ ਜਾਰੀ ਧੜੇਬੰਦੀ ਨੂੰ ਖਤਮ ਕਰਨ ਲਈ ਰਾਹ ਲੱਭ ਰਹੀ ਹੈ। ਇਸ ਦੇ ਲਈ ਸੋਨੀਆ ਗਾਂਧੀ ਵੱਲੋਂ ਇੱਕ ਪੈਨਲ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਣੇ ਪਾਰਟੀ ਦੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਸੀ ।