ਪੰਜਾਬ ਕਾਂਗਰਸ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਬਾਅਦ ਨਵਜੋਤ ਸਿੱਧੂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ । ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਬਹੁਤ ਸਾਰੇ ਕਾਂਗਰਸੀ ਆਗੂਆਂ ਨੇ ਪਟਿਆਲਾ ਵਿਖੇ ਨਵਜੋਤ ਸਿੱਧੂ ਦੀ ਰਿਹਾਇਸ਼ ‘ਤੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ।
ਕੁਝ ਸਮਾਂ ਪਹਿਲਾਂ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਸੀ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਨਵਜੋਤ ਸਿੱਧੂ ਨੂੰ ਮਨਾਉਣ ਲਈ ਪਟਿਆਲਾ ਜਾ ਸਕਦੇ ਹਨ, ਪਰ ਇਸੇ ਵਿਚਾਲੇ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਚੰਨੀ ਪਟਿਆਲਾ ਨਹੀਂ ਪਹੁੰਚੇ ਹਨ ।
ਮੰਨਿਆ ਜਾ ਰਿਹਾ ਕਿ ਕਾਂਗਰਸ ਹਾਈ ਕਮਾਨ ਵੱਲੋਂ ਉਨ੍ਹਾਂ ਨੂੰ ਪਟਿਆਲਾ ਜਾਣ ਤੋਂ ਰੋਕਿਆ ਗਿਆ ਹੈ । ਜਿਸ ਤੋਂ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਹੁਣ ਹੁਣ ਨਵਜੋਤ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਸਕਦੇ ਹਨ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਕਾਰਨ ਹੋਈ ਫਜ਼ੀਹਤ ਤੋਂ ਨਾਰਾਜ਼ ਕਾਂਗਰਸ ਹਾਈਕਮਾਨ ਨੇ ਸਾਫ਼ ਸੰਕੇਤ ਦਿੱਤੇ ਹਨ ਕਿ ਪਾਰਟੀ ਹੁਣ ਸਾਬਕਾ ਕ੍ਰਿਕਟਰ ਦੇ ਨਖ਼ਰੇ ਨਹੀਂ ਚੁੱਕੇਗੀ। ਸਿੱਧੂ ਅਸਤੀਫ਼ਾ ਵਾਪਸ ਲੈਣ ਦੀਆਂ ਸ਼ਰਤਾਂ ’ਤੇ ਅੜੇ ਹੋਏ ਹਨ ਤਾਂ ਕਾਂਗਰਸ ਪੰਜਾਬ ਵਿੱਚ ਨਵਾਂ ਪ੍ਰਧਾਨ ਨਿਯੁਕਤ ਕਰੇਗੀ।