ਪੰਜਾਬ ਸਟੇਟ ਮੈਡੀਕਲ ਅਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਸੱਦੇ ‘ਤੇ ਸਰਕਾਰੀ ਮੈਡੀਕਲ ਅਤੇ ਡੈਂਟਲ ਕਾਲਜਾਂ ਅਤੇ ਰਾਜਿੰਦਰਾ ਹਸਪਤਾਲ ਦੇ ਡਾਕਟਰ ਆਪਣੀਆਂ ਮੰਗਾਂ ਨੂੰ ਲੈ ਕੇ ਸੋਮਵਾਰ ਨੂੰ ਹੜਤਾਲ ‘ਤੇ ਰਹੇ ।
ਇਸ ਦੌਰਾਨ ਓਪੀਡੀ ਅਤੇ ਆਪ੍ਰੇਸ਼ਨ ਸੇਵਾਵਾਂ ਦਿਨ ਭਰ ਪੂਰੀ ਤਰ੍ਹਾਂ ਬੰਦ ਰੱਖੀਆਂ ਗਈਆਂ ਅਤੇ ਡਾਕਟਰਾਂ ਨੇ ਵਿਦਿਆਰਥੀਆਂ ਦੀਆਂ ਕਲਾਸਾਂ ਦਾ ਬਾਈਕਾਟ ਵੀ ਕੀਤਾ । ਹਾਲਾਂਕਿ, ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਜਾਰੀ ਸਨ।
ਇਹ ਵੀ ਪੜ੍ਹੋ: ਅੱਜ ਇਨ੍ਹਾਂ ਰਾਜਾਂ ‘ਚ ਪਵੇਗਾ ਭਾਰੀ ਮੀਂਹ, IMD ਨੇ ਜਾਰੀ ਕੀਤਾ ਰੈੱਡ ਅਲਰਟ
ਦਰਅਸਲ, ਹੜਤਾਲੀ ਡਾਕਟਰਾਂ ਨੇ ਰਾਜਿੰਦਰਾ ਹਸਪਤਾਲ ਨੇੜੇ ਪਟਿਆਲਾ-ਸੰਗਰੂਰ ਰੋਡ ਜਾਮ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਛੇਵੇਂ ਤਨਖਾਹ ਕਮਿਸ਼ਨ ਵਿੱਚ ਐਨਪੀਏ ਵਿੱਚ ਕਟੌਤੀ ਦਾ ਵਿਰੋਧ ਕੀਤਾ ਗਿਆ । ਡਾਕਟਰਾਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਣਗੀਆਂ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।
ਉੱਥੇ ਹੀ ਦੂਜੇ ਪਾਸੇ ਡਾਕਟਰਾਂ ਦੀ ਹੜਤਾਲ ਕਾਰਨ ਓਪੀਡੀ ਬੰਦ ਹੋਣ ਕਾਰਨ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਮਰੀਜ਼ਾਂ ਨੂੰ ਬਿਨ੍ਹਾਂ ਜਾਂਚ ਦੇ ਨਿਰਾਸ਼ ਹੋ ਕੇ ਪਰਤਣਾ ਪਿਆ। ਬਹੁਤ ਸਾਰੇ ਮਰੀਜ਼ ਪਟਿਆਲੇ ਤੋਂ ਬਾਹਰ ਦੇ ਸਨ, ਜਿਨ੍ਹਾਂ ਨੇ ਹੜਤਾਲ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ।
ਇਹ ਵੀ ਪੜ੍ਹੋ: ਮੱਧ ਪ੍ਰਦੇਸ਼ ‘ਚ ਅੱਜ ਤੋਂ 10 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ
ਇਸ ਸਬੰਧੀ ਪੰਜਾਬ ਰਾਜ ਮੈਡੀਕਲ ਅਤੇ ਡੈਂਟਲ ਟੀਚਰਜ਼ ਐਸੋਸੀਏਸ਼ਨ ਦੇ ਜਨਰਲ ਸੱਕਤਰ ਡਾ. ਡੀਐਸ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦਿਆਂ ਮੰਗ ਕੀਤੀ ਹੈ ਕਿ ਮਰੀਜ਼ਾਂ ਅਤੇ ਵਿਦਿਆਰਥੀਆਂ ਦੇ ਲਾਭ ਲਈ ਡਾਕਟਰਾਂ ਦੇ ਐਨਪੀਏ ਦਾ ਮਸਲਾ ਜਲਦੀ ਹੱਲ ਕੀਤਾ ਜਾਵੇ।