Punjab farmer groups to hold talks: ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਦੌਰਾਨ ਕੇਂਦਰ ਸਰਕਾਰ ਦੇ ਸੱਦੇ ’ਤੇ ਅੱਜ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦਾ ਇੱਕ ਵਫ਼ਦ ਦਿੱਲੀ ਵਿੱਚ ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਵਾਲਾ ਹੈ। ਇਹ ਮੁਲਾਕਾਤ ਕਰੀਬ 11:30 ਵਜੇ ਹੋਵੇਗੀ। ਇਸ ਦੌਰਾਨ ਕੇਂਦਰ ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ਨੂੰ ਆਪਣਾ ਪੱਖ ਦਿਖਾਏਗੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਵਿੱਚ ਲੈਣ ਦੀ ਕੋਸ਼ਿਸ਼ ਕਰੇਗੀ । ਇਸ ਤੋਂ ਬਾਅਦ ਕਿਸਾਨ ਸੰਗਠਨ ਅਗਲੀ ਰਣਨੀਤੀ ਤੈਅ ਕਰਨਗੇ।
15 ਅਕਤੂਬਰ ਨੂੰ ਪੰਜਾਬ ਸਰਕਾਰ ਨਾਲ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਵੇਗੀ । ਪਰ ਇਸ ਮੀਟਿੰਗ ਤੋਂ ਪਹਿਲਾਂ ਕਿਸਾਨਾਂ ਨੇ ਪੰਜਾਬ ਸਰਕਾਰ ਨੂੰ 14 ਅਕਤੂਬਰ ਨੂੰ ਹੋਣ ਵਾਲੀ ਕੈਬਨਿਟ ਦੀ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਕਾਨੂੰਨਾਂ ਵਿਰੁੱਧ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਬੁਲਾਉਣ ਲਈ ਇੱਕ ਤਾਰੀਖ ਨਿਰਧਾਰਤ ਕਰਨ ਦਾ ਅਲਟੀਮੇਟਮ ਦੇ ਦਿੱਤਾ ਹੈ । ਇਸ ਤੋਂ ਬਾਅਦ ਹੀ ਕਿਸਾਨ ਜਥੇਬੰਦੀਆਂ ਅੰਦੋਲਨ ਨੂੰ ਖਤਮ ਕਰਨ ਲਈ 15 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਵਫ਼ਦ ਨਾਲ ਮੀਟਿੰਗ ਕਰਨਗੇ।
ਉੱਥੇ ਹੀ ਦੂਜੇ ਪਾਸੇ ਪੰਜਾਬ ਵਿੱਚ ਕਿਸਾਨਾਂ ਦਾ ਪ੍ਰਦਰਸ਼ਨ ਹੁਣ ਇੱਕ ਨਵੀਂ ਮੁਸ਼ਕਿਲ ਪੈਦਾ ਕਰ ਰਿਹਾ ਹੈ। ਦਰਅਸਲ, ਪੰਜਾਬ ਦੇ ਸਾਰੇ ਥਰਮਲ ਪਲਾਂਟ ਕੋਲੇ ਦੀ ਸਪਲਾਈ ਲਈ ਪੱਛਮੀ ਬੰਗਾਲ ਅਤੇ ਝਾਰਖੰਡ ‘ਤੇ ਨਿਰਭਰ ਕਰਦੇ ਹਨ। ਪਰ ਵਿਰੋਧ ਕਰ ਰਹੇ ਕਿਸਾਨਾਂ ਨੇ ਰੇਲਵੇ ਟਰੈਕ ‘ਤੇ ਕਬਜ਼ਾ ਕਰ ਲਿਆ ਹੈ, ਜਿਸ ਕਾਰਨ ਕੋਲੇ ਦੀ ਢੋਆ-ਢੁਆਈ ਨਹੀਂ ਹੋ ਰਹੀ ਹੈ। ਅਜਿਹੀ ਸਥਿਤੀ ਵਿੱਚ ਪੰਜਾਬ ਦੇ ਥਰਮਲ ਪਲਾਂਟ ਨੇੜੇ ਜ਼ਰੂਰੀ ਕੋਲੇ ਦੀ ਵੱਡੀ ਘਾਟ ਹੋ ਚੁੱਕੀ ਹੈ।
ਪੰਜਾਬ ਦੇ ਨਾਭਾ ਪਾਵਰ ਪਲਾਂਟ ਵਿੱਚ 5 ਦਿਨ ਦਾ ਕੋਲਾ ਬਚਿਆ ਹੈ ਤਾਂ ਜੇਬੀਕੇ ਪਾਵਰ ਪਲਾਂਟ ਵਿੱਚ ਅੱਧਾ ਦਿਨ ਦਾ ਕੋਲਾ ਬਚਿਆ ਹੈ ਅਤੇ ਤਲਵੰਡੀ ਸਾਬੋ ਪਾਵਰ ਪਲਾਂਟ ਵਿੱਚ 2 ਦਿਨ ਦਾ ਕੋਲਾ ਬਚਿਆ ਹੈ । ਇਸੇ ਤਰ੍ਹਾਂ ਰੋਪੜ ਥਰਮਲ ਪਲਾਂਟ ਵਿੱਚ 5 ਦਿਨ ਦਾ ਕੋਲਾ ਬਚਿਆ ਹੈ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ 5 ਦਿਨ ਦਾ ਕੋਲਾ ਬਚਿਆ ਹੈ। ਪੰਜਾਬ ਦੇ ਪੰਜ ਥਰਮਲ ਪਲਾਂਟਾਂ ਵਿੱਚ ਰੋਜ਼ਾਨਾ ਤਕਰੀਬਨ 4000 ਮੈਗਾਵਾਟ ਬਿਜਲੀ ਪੈਦਾ ਹੁੰਦੀ ਸੀ, ਪਰ ਹੁਣ ਇਹ 2000 ਮੈਗਾਵਾਟ ਰਹਿ ਗਈ ਹੈ । ਅਤੇ ਜੇਕਰ ਪੰਜਾਬ ਦੇ ਥਰਮਲ ਪਲਾਂਟ ਨੂੰ ਸਮੇਂ ਸਿਰ ਕੋਲੇ ਦੀ ਸਪਲਾਈ ਨਾ ਦਿੱਤੀ ਗਈ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ। ਇੱਥੇ ਪੰਜਾਬ ਦੇ ਕਿਸਾਨਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕੇਂਦਰੀ ਖੇਤੀਬਾੜੀ ਕਾਨੂੰਨਾਂ ‘ਤੇ ਯੂ-ਟਰਨ ਨਹੀਂ ਲੈਂਦੀ, ਉਨ੍ਹਾਂ ਦਾ ਪ੍ਰਦਰਸ਼ਨ ਇਸੇ ਤਰ੍ਹਾਂ ਜਾਰੀ ਰਹੇਗਾ।
ਇਸ ਦੇ ਨਾਲ ਹੀ ਇਸ ਸਾਰੇ ਮਾਮਲੇ ‘ਤੇ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦੀ ਹੀ ਪੱਕਾ ਫੈਸਲਾ ਲੈਣਾ ਪਵੇਗਾ ਨਹੀਂ ਤਾਂ ਪੰਜਾਬ ਵਿੱਚ ਹਾਲਾਤ ਹੋਰ ਵਿਗੜ ਸਕਦੇ ਹਨ । ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅਜਿਹੇ ਰੇਲ ਆਵਾਜਾਈ ਠੱਪ ਕਰਨ ‘ਤੇ ਬੈਠਦੇ ਰਹੇ ਤਾਂ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਬਿਜਲੀ ਉਤਪਾਦਨ ਵੀ ਠੱਪ ਹੋ ਸਕਦਾ ਹੈ।