Punjab farmers protest railways: ਨਵੀਂ ਦਿੱਲੀ: ਲੌਕਡਾਊਨ ਦੇ ਦੌਰਾਨ ਕੇਂਦਰ ਸਰਕਾਰ ਵਲੋਂ ਖੇਤੀਬਾੜੀ ਨਾਲ ਸਬੰਧਿਤ ਤਿੰਨ ਬਿੱਲ ਪਾਸ ਕੀਤੇ ਗਏ ਸੀ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਜੱਥੇਬੰਦੀਆਂ ਸਰਕਾਰ ਨੂੰ ਇਸ ਕਾਨੂੰਨ ਨੂੰ ਵਾਪਿਸ ਲੈਣ ਦੀ ਮੰਗ ਕਰ ਰਹੀਆਂ ਹਨ। ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀਬਾੜੀ ਬਿੱਲਾਂ ਦੇ ਵਿਰੋਧ ਵਿੱਚ ਵੱਖ-ਵੱਖ ਥਾਵਾਂ ਤੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ। ਕਿਸਾਨ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰੇਲ ਅਤੇ ਰੋਡ ਜਾਮ ਮੁਹਿੰਮਾਂ ਨੂੰ ਚਲਾ ਰਹੇ ਹਨ। ਇਸੇ ਤਰਾਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿੱਚ ਵੀ ਕਿਸਾਨ ਜਥੇਬੰਦੀਆਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕੇਂਦਰ ਸਰਕਾਰ ਨੇ ਹਾਲ ਹੀ ਵਿੱਚ ਕਿਸਾਨਾਂ ਨਾਲ ਸਬੰਧਿਤ ਤਿੰਨ ਬਿੱਲ ਲਿਆਂਦੇ ਸੀ।
ਸੰਸਦ ਵਲੋਂ ਪਾਸ ਕੀਤੇ ਗਏ ਇਨ੍ਹਾਂ ਬਿੱਲਾਂ ਵਿਰੁੱਧ ਕਿਸਾਨ ਜੱਥੇਬੰਦੀਆਂ ਅੰਦੋਲਨ ਕਰ ਰਹੀਆਂ ਹਨ। ਪੰਜਾਬ ਵਿੱਚ 31 ਕਿਸਾਨ ਜੱਥੇਬੰਦੀਆਂ ਹਨ। ਪੰਜਾਬ ਵਿੱਚ ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦੇ ਕਾਰਨ ਭਾਰਤੀ ਰੇਲਵੇ ਨੂੰ ਸਿਰਫ ਮਾਲ-ਆਮਦਨੀ ਵਿੱਚ ਹੀ 1,670 ਕਰੋੜ ਰੁਪਏ ਦਾ ਘਾਟਾ ਪਿਆ ਹੈ। ਕਿਸਾਨਾਂ ਦਾ ਵਿਰੋਧ 50 ਦਿਨਾਂ ਲਗਾਤਾਰ ਜਾਰੀ ਹੈ ਅਤੇ ਪ੍ਰਦਰਸ਼ਨ ਦੇ ਕਾਰਨ 1,986 ਯਾਤਰੀ ਟ੍ਰੇਨਾਂ ਅਤੇ 3,090 ਮਾਲ ਗੱਡੀਆਂ ਨੂੰ ਰੱਦ ਕੀਤਾ ਗਿਆ ਹੈ। ਸੂਤਰਾਂ ਨੇ ਸੋਮਵਾਰ ਨੂੰ ਦੱਸਿਆ ਕਿ ਰਾਜ ਵਿੱਚ ਰੇਲ ਗੱਡੀਆਂ ਦਾ ਸੰਚਾਲਨ ਅਜੇ ਵੀ ਮੁਅੱਤਲ ਹੈ। ਰੇਲਵੇ ਨੇ ਪ੍ਰਦਰਸ਼ਨਕਾਰੀਆਂ ਦੇ ਸਿਰਫ ਮਾਲ ਟ੍ਰੇਨਾਂ ਸ਼ੁਰੂ ਕਰਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਸੀ। ਇਸ ਨਾਲ ਭਾਰਤੀ ਰੇਲਵੇ ਨੂੰ ਰੋਜ਼ਾਨਾ ਮਾਲ ਢੁਆਈ ਵਿੱਚ 36 ਕਰੋੜ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
1 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ, ਮਾਲ ਗੱਡੀਆਂ ਰੱਦ ਹੋਣ ਦੇ ਕਾਰਨ ਰੇਲਵੇ ਨੂੰ ਕਾਫੀ ਨੁਕਸਾਨ ਹੋਇਆ ਹੈ। ਇਨ੍ਹਾਂ ਰੇਲ ਗੱਡੀਆਂ ਵਿੱਚੋਂ ਕਈਆਂ ਵਿੱਚ ਜੰਮੂ-ਕਸ਼ਮੀਰ ਅਤੇ ਲੱਦਾਖ ਲਈ ਲਾਜ਼ਮੀ ਸਮੱਗਰੀ ਭੇਜੀ ਜਾਂਦੀ ਹੈ ਜੋ ਇਸ ਸਮੇਂ ਵੀ ਪੰਜਾਬ ਤੋਂ ਬਾਹਰ ਖੜ੍ਹੀਆਂ ਹਨ। ਸੂਤਰਾਂ ਨੇ ਦੱਸਿਆ ਕਿ 520 ਰੈਕ ਕੋਲੇ ਦੀ ਸਪਲਾਈ ਪੰਜਾਬ ਦੇ ਪੰਜ ਬਿਜਲੀ ਘਰਾਂ ਨੂੰ ਨਹੀਂ ਦਿੱਤੀ ਜਾ ਸਕੀ, ਜਿਸ ਕਾਰਨ ਭਾਰਤੀ ਰੇਲਵੇ ਨੂੰ 550 ਕਰੋੜ ਰੁਪਏ ਦਾ ਘਾਟਾ ਪਿਆ ਹੈ। ਹੋਰ ਚੀਜ਼ਾਂ ਵਿੱਚ ਸਟੀਲ ਦੇ 110 ਰੈਕ (120 ਕਰੋੜ ਰੁਪਏ ਦਾ ਅਨੁਮਾਨਿਤ ਘਾਟਾ), ਸੀਮਿੰਟ ਦੇ 170 ਰੈਕ (100 ਕਰੋੜ ਰੁਪਏ ਦਾ ਅਨੁਮਾਨਤ ਘਾਟਾ), 90 ਰੈਕ ਕਲਿੰਕਰ (ਅੰਦਾਜ਼ਨ 35 ਕਰੋੜ ਰੁਪਏ), 1,150 ਰੈਕ ਅਨਾਜ (ਅੰਦਾਜ਼ਨ 550 ਕਰੋੜ ਰੁਪਏ ਦਾ ਘਾਟਾ) ਖਾਦ ਦੇ 270 ਰੈਕ (140 ਕਰੋੜ ਰੁਪਏ ਦਾ ਅਨੁਮਾਨਿਤ ਨੁਕਸਾਨ) ਅਤੇ ਪੈਟਰੋਲੀਅਮ ਇਤਆਦਿ ਨਾਲ ਭਰੀਆਂ ਮਾਲ ਗੱਡੀਆਂ (40 ਕਰੋੜ ਰੁਪਏ ਦਾ ਘਾਟਾ) ਫਸੀਆਂ ਹੋਈਆਂ ਹਨ।
ਇਹ ਵੀ ਦੇਖੋ : ‘ਲੋਕ ਮੈਨੂੰ ਭੂਤਨੀ ਸਮਝ ਡਰ ਕੇ ਭੱਜ ਜਾਂਦੇ ਸੀ, ਮੇਰੀ ਸ਼ਕਲ ਦੇਖ ਲੋਕਾਂ ਨੂੰ ਖਾਣਾ ਨਹੀਂ ਸੀ ਲੰਘਦਾ’