ਪੰਜਾਬ ਸਰਕਾਰ ਜੁਲਾਈ ਤੋਂ ਸਤੰਬਰ ਤਿਮਾਹੀ ਦੌਰਾਨ ਲਗਭਗ 8,500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲੈਣ ਜਾ ਰਹੀ ਹੈ। ਇਹ ਕਰਜ਼ਾ ਭਾਰਤੀ ਰਿਜ਼ਰਵ ਬੈਂਕ (RBI) ਦੀ ਪ੍ਰਵਾਨਗੀ ਦੇ ਅਧੀਨ ਹੋਵੇਗਾ ਅਤੇ ਇਸ ਨੂੰ ਬਾਜ਼ਾਰ ਤੋਂ ਇਕੱਠਾ ਕੀਤਾ ਜਾਵੇਗਾ। ਜਾਣਕਾਰੀ ਮੁਤਾਬਕ ਸਰਕਾਰ ਜੁਲਾਈ ਵਿੱਚ 2,000 ਕਰੋੜ ਰੁਪਏ, ਅਗਸਤ ਵਿੱਚ 3,000 ਕਰੋੜ ਰੁਪਏ ਅਤੇ ਸਤੰਬਰ ਵਿੱਚ 3,500 ਕਰੋੜ ਰੁਪਏ ਦਾ ਕਰਜ਼ਾ ਲਵੇਗੀ।
ਇਸ ਤੋਂ ਪਹਿਲਾਂ ਸਰਕਾਰ ਅਪ੍ਰੈਲ ਅਤੇ ਮਈ ਵਿੱਚ 6,241.92 ਕਰੋੜ ਰੁਪਏ ਦਾ ਕਰਜ਼ਾ ਲੈ ਚੁੱਕੀ ਹੈ। ਕੁੱਲ ਮਿਲਾ ਕੇ ਮੌਜੂਦਾ ਵਿੱਤੀ ਸਾਲ 2025-26 ਵਿੱਚ ਹੁਣ ਤੱਕ ਲਿਆ ਗਿਆ ਕੁੱਲ ਕਰਜ਼ਾ 14,741.92 ਕਰੋੜ ਰੁਪਏ ਤੱਕ ਪਹੁੰਚ ਜਾਵੇਗਾ।

ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਇਸ ਪੂਰੇ ਵਿੱਤੀ ਸਾਲ ਵਿੱਚ 34,201.11 ਕਰੋੜ ਰੁਪਏ ਦਾ ਕਰਜ਼ਾ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। ਜੇ ਇਹ ਟੀਚਾ ਪੂਰਾ ਹੋ ਜਾਂਦਾ ਹੈ, ਤਾਂ ਮਾਰਚ 2026 ਤੱਕ ਸੂਬੇ ‘ਤੇ ਕੁੱਲ ਬਕਾਇਆ ਕਰਜ਼ਾ 4 ਲੱਖ ਕਰੋੜ ਰੁਪਏ ਨੂੰ ਪਾਰ ਕਰ ਜਾਵੇਗਾ। ਇਸ ਵੇਲੇ (ਮਾਰਚ 2024 ਤੱਕ), ਪੰਜਾਬ ਦਾ ਕਰਜ਼ਾ 3.82 ਲੱਖ ਕਰੋੜ ਰੁਪਏ ਹੈ, ਜੋ ਕਿ ਸੂਬੇ ਦੇ GSDP ਦੇ 44 ਫੀਸਦੀ ਤੋਂ ਵੱਧ ਹੈ।
ਇਹ ਵੀ ਪੜ੍ਹੋ : ਉਡੀਕ ਖ਼ਤਮ! ਆਦਮਪੁਰ ਤੋਂ ਮੁੰਬਈ ਫਲਾਈਟ ਭਲਕੇ ਤੋਂ ਸ਼ੁਰੂ, ਸ੍ਰੀ ਹਜ਼ੂਰ ਸਾਹਿਬ ਪਹੁੰਚਣਾ ਹੋਵੇਗਾ ਸੌਖਾ
ਜੇਕਰ ਸੂਬੇ ਦੀ ਆਬਾਦੀ 3 ਕਰੋੜ ਮੰਨੀ ਜਾਵੇ, ਤਾਂ ਹਰੇਕ ਨਾਗਰਿਕ ‘ਤੇ ਔਸਤਨ 1.33 ਲੱਖ ਰੁਪਏ ਦਾ ਕਰਜ਼ਾ ਹੋਵੇਗਾ। ਇਸ ਸਾਲ ਦੇ ਸ਼ੁਰੂ ਵਿੱਚ ਸੰਸਦ ਵਿੱਚ ਪੇਸ਼ ਕੀਤੀ ਗਈ ਇੱਕ ਰਿਪੋਰਟ ਵਿੱਚ ਕੇਂਦਰੀ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਕਿਹਾ ਸੀ ਕਿ ਜੇਕਰ ਕਰਜ਼ੇ ਦੇ GSDP ਅਨੁਪਾਤ ਨੂੰ ਮੰਨਿਆ ਜਾਵੇ ਤਾਂ ਪੰਜਾਬ ਦੇਸ਼ ਦਾ ਦੂਜਾ ਸਭ ਤੋਂ ਵੱਧ ਕਰਜ਼ਦਾਰ ਸੂਬਾ ਹੈ।
ਵੀਡੀਓ ਲਈ ਕਲਿੱਕ ਕਰੋ -:
























