Punjab State Women’s : ਚੰਡੀਗੜ੍ਹ : ਪੰਜਾਬ ਦੇ ਇੱਕ ਮੰਤਰੀ ‘ਤੇ ਮਹਿਲਾ ਆਈ.ਐੱਸ. ਅਧਿਕਾਰੀ ਨੇ ਮੀ – ਟੂ ਦੇ ਤਹਿਤ ਇਲਜ਼ਾਮ ਲਾਇਆ ਸੀ। ਇਸ ‘ਤੇ ਮਹਿਲਾ ਕਮਿਸ਼ਨ ਨੇ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਪਰ ਅੱਜ ਤੱਕ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ।
ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਮਨੀਸ਼ਾ ਗੁਲਾਟੀ ਨੇ ਕਿਹਾ ਕਿ ਇਸ ਮਾਮਲੇ ਵਿਚ ਅਧਿਕਾਰੀ ਉਸ ‘ਤੇ ਉਸ ਮੰਤਰੀ ਨਾਲ ਮਿਲੀ ਭੁਗਤ ਹੋਣ ਦਾ ਦੋਸ਼ ਲਗਾ ਰਹੇ ਹਨ, ਜਿਸ ਦਾ ਉਸ ਨੂੰ ਬਹੁਤ ਅਫਸੋਸ ਹੈ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਲਗਾਏ ਗਏ ਇਲਜ਼ਾਮ ਸਰਾਸਰ ਗਲਤ ਹਨ। ਉਨ੍ਹਾਂ ਕਿਹਾ ਕਿ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ 6 ਨਵੰਬਰ 2018 ਨੂੰ ਚਿੱਠੀ ਲਿਖੀ ਗਈ ਸੀ ਜਿਸ ਦਾ ਜਵਾਬ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਨਹੀਂ ਦਿੱਤਾ ਗਿਆ। ਮਨੀਸ਼ਾ ਗੁਲਾਟੀ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਅਧਿਕਾਰੀ ਉਸ ਨੂੰ ਦੁਬਾਰਾ ਫ਼ੋਨ ਕਰਨਗੇ ਤਾਂ ਉਹ ਕਾਨੂੰਨੀ ਕਾਰਵਾਈ ਕਰੇਗੀ ਤੇ ਕੋਰਟ ਵਿਚ ਜਾਵੇਗੀ।
ਮਨੀਸ਼ਾ ਗੁਲਾਟੀ ਨੇ ਕਿਹਾ ਕਿ ਅਧਿਕਾਰੀ ਉਸ ਕੋਲੋਂ ਇਸ ਮਾਮਲੇ ਸਬੰਧੀ ਸਪੱਸ਼ਟੀਕਰਨ ਮੰਗ ਰਹੇ ਹਨ ਤਾਂ ਇਸ ‘ਤੇ ਉਨ੍ਹਾਂ ਕਿਹਾ ਕਿ ਉਹ ਆਪਣੇ ਕੰਮ ਲਈ ਸਿਰਫ ਤੇ ਸਿਰਫ ਮਹਿਲਾ ਕਮਿਸ਼ਨ ਦੀ ਜਵਾਬਦੇਹ ਹਨ ਨਾ ਕਿ ਅਧਿਕਾਰੀਆਂ ਦੇ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇੱਕ ਹਫਤੇ ਦੇ ਅੰਦਰ-ਅੰਦਰ ਕੋਈ ਸਪੱਸ਼ਟੀਕਰਨ ਨਾ ਦਿੱਤਾ ਗਿਆ ਤਾਂ ਉਹ ਭੁੱਖ ਹੜਤਾਲ ‘ਤੇ ਬੈਠ ਜਾਣਗੇ । ਉਨ੍ਹਾਂ ਕਿਹਾ ਕਿ ਸਰਕਾਰ ਦੇ ਅਧਿਕਾਰੀਆਂ ਨੂੰ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਿ ਉਹ ਮਹਿਲਾ ਕਮਿਸ਼ਨ ਦੀ ਚੇਅਰਮੈਨ ਦੀ ਈਮਾਨਦਾਰੀ ‘ਤੇ ਸਵਾਲ ਚੁੱਕਣ। ਗੁਲਾਟੀ ਨੇ ਕਿਹਾ ਕਿ ਉਹ ਆਪਣੇ ਕੰਮ ਲਈ ਸਿਰਫ ਤੇ ਸਿਰਫ ਪਬਲਿਕ ਤੇ ਕਮਿਸ਼ਨ ਦੀ ਹੀ ਜਵਾਬਦੇਹ ਹਨ ਨਾ ਕਿ ਸਰਕਾਰ ਵੱਲੋਂ ਬਿਠਾਏ ਗਏ ਅਧਿਕਾਰੀਆਂ ਦੀ।