ਪੰਜਾਬ ਵਿੱਚ ਪ੍ਰੀ-ਮਾਨਸੂਨ ਦੀ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ। ਪੰਜਾਬ ਵਿੱਚ ਸੋਮਵਾਰ-ਮੰਗਲਵਾਰ ਦੀ ਮੱਧ ਰਾਤ ਨੂੰ ਬੱਦਲ ਗਰਜਦੇ ਰਹੇ ਅਤੇ ਤੇਜ਼ ਬਰਸਾਤ ਹੁੰਦੀ ਰਹੀ, ਜਿਸ ਤੋਂ ਬਾਅਦ ਲੋਕਾਂ ਨੂੰ ਤਪਦੀ ਹੋਈ ਗਰਮੀ ਤੋਂ ਕਾਫ਼ੀ ਰਾਹਤ ਮਿਲੀ ਹੈ । ਇਸ ਦੇ ਨਾਲ ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਯੈੱਲੋ ਅਲਰਟ ਜਾਰੀ ਕੀਤਾ ਗਿਆ ਹੈ। ਜਿਸ ਦਾ ਮਤਲਬ ਹੈ ਕਿ ਮੰਗਲਵਾਰ ਨੂੰ ਵੀ ਪੰਜਾਬ ਵਿੱਚ ਪੂਰਾ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਠੰਡੀਆਂ ਹਵਾਵਾਂ ਚੱਲਣਗੀਆਂ । ਜਿਸ ਨਾਲ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਪਿਛਲੇ ਦਿਨੀਂ ਤਾਪਮਾਨ ਜਿੱਥੇ 45 ਡਿਗਰੀ ਦੇ ਕਰੀਬ ਚੱਲ ਰਿਹਾ ਸੀ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ ਡਿੱਗ ਕੇ ਹੁਣ 26-27 ਡਿਗਰੀ ‘ਤੇ ਆ ਗਿਆ ਹੈ। ਮੰਗਲਵਾਰ ਦੀ ਗੱਲ ਕੀਤੀ ਜਾਏ ਤਾਂ ਮੰਗਲਵਾਰ ਸਵੇਰੇ ਸਾਢੇ 6 ਵਜੇ ਦੇ ਕਰੀਬ ਪੰਜਾਬ ਵਿੱਚ ਤਾਪਮਾਨ 21 ਡਿਗਰੀ ਸੈਲਸੀਅਸ ਦੇ ਕਰੀਬ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਮੁਤਾਬਕ ਪੰਜਾਬ ਵਿੱਚ ਵੀ ਮਾਨਸੂਨ ਜਲਦ ਦਸਤਕ ਦੇਣ ਵਾਲਾ ਹੈ। ਪੰਜਾਬ ਵਿੱਚ ਮਾਨਸੂਨ 25 ਜੂਨ ਤੋਂ 5 ਜੁਲਾਈ ਤੱਕ ਸਰਗਰਮ ਹੋ ਜਾਵੇਗਾ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਨਾਲ ਲਗਦੇ ਪੰਜਾਬ ਦੇ ਮਾਲਵਾ ਦੇ ਕੁਝ ਸ਼ਹਿਰਾਂ ਵਿੱਚ ਮਾਨਸੂਨ 25 ਜੂਨ ਤੱਕ ਦਸਤਕ ਦੇ ਸਕਦਾ ਹੈ ।
ਦੱਸ ਦੇਈਏ ਕਿ ਇਸ ਪ੍ਰੀ-ਮੌਨਸੂਨ ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਵੀ ਇਸ ਦਾ ਫਾਇਦਾ ਹੋਇਆ ਹੈ । ਪੰਜਾਬ ਦੇ ਕਿਸਾਨਾਂ ਨੇ ਮੀਂਹ ਦੇ ਪਾਣੀ ਨਾਲ ਖੇਤਾਂ ਵਿੱਚ ਪਾਣੀ ਭਰਨ ਤੋਂ ਬਾਅਦ ਝੋਨੇ ਦੀ ਲਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: