ਮਾਨਸੂਨ ਨੇ ਆਖਰਕਾਰ ਪੰਜਾਬ ਵਿੱਚ ਦਸਤਕ ਦੇ ਦਿੱਤੀ ਹੈ। ਵੀਰਵਾਰ ਨੂੰ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ । ਬਾਕੀ ਹਿੱਸਿਆਂ ਵਿੱਚ ਵੀ ਸ਼ੁੱਕਰਵਾਰ ਨੂੰ ਮਾਨਸੂਨ ਸਰਗਰਮ ਰਹੇਗਾ । ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਕਈ ਜ਼ਿਲ੍ਹਿਆਂ ਵਿੱਚ 1 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਆਉਣ ਵਾਲੇ ਇੱਕ ਹਫ਼ਤੇ ਤੱਕ ਸੂਬੇ ਵਿੱਚ ਚੰਗੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ ।
ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀਕੇ ਕਿੰਗਰਾ ਨੇ ਦੱਸਿਆ ਕਿ ਪੰਜਾਬ ਦੇ ਉੱਤਰ-ਪੂਰਬੀ ਖੇਤਰ ਜਿਵੇਂ ਕਿ ਪਠਾਨਕੋਟ, ਹੁਸ਼ਿਆਰਪੁਰ ਖੇਤਰ ਵਿੱਚ ਮਾਨਸੂਨ ਦੀ ਐਂਟਰੀ ਹੋ ਗਈ ਹੈ, ਜਦਕਿ ਲੁਧਿਆਣਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਹਾਲੇ ਪ੍ਰੀ-ਮਾਨਸੂਨ ਮੰਨਿਆ ਜਾ ਰਿਹਾ ਹੈ । ਵੀਰਵਾਰ ਨੂੰ ਪਠਾਨਕੋਟ, ਜਲੰਧਰ, ਰੂਪਨਗਰ, ਨਵਾਂਸ਼ਹਿਰ ਸਣੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪਿਆ । ਮੀਂਹ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 8 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ।
ਵੀਰਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 32.2 ਡਿਗਰੀ, ਪਠਾਨਕੋਟ ਵਿੱਚ 35.6, ਲੁਧਿਆਣਾ ਦਾ 28.2 ਅਤੇ ਪਟਿਆਲਾ ਦਾ 27.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਇੱਕ ਪਾਸੇ ਜਿੱਥੇ ਪੂਰੇ ਸੂਬੇ ਵਿੱਚ ਤਾਪਮਾਨ ਆਮ ਨਾਲੋਂ ਕਰੀਬ ਸੱਤ ਡਿਗਰੀ ਸੈਲਸੀਅਸ ਹੇਠਾਂ ਆ ਗਿਆ, ਉੱਥੇ ਹੀ ਬਠਿੰਡਾ ਅਤੇ ਫ਼ਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 42.2 ਅਤੇ 42 ਡਿਗਰੀ ਸੈਲਸੀਅਸ ਰਿਹਾ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਮੀਂਹ ਦਾ ਸਿਲਸਿਲਾ 3 ਜੁਲਾਈ ਤੱਕ ਜਾਰੀ ਰਹੇਗਾ। ਖੇਤੀ ਵਿਗਿਆਨੀ ਡਾ.ਆਰਕੇ ਆਨੰਦ ਨੇ ਦੱਸਿਆ ਕਿ ਮਾਨਸੂਨ ਦੀ ਬਾਰਿਸ਼ ਨਾਲ ਝੋਨੇ ਦੀ ਲੁਆਈ ਵਿੱਚ ਵਧੇਰੇ ਮਦਦ ਮਿਲੇਗੀ । ਜਿਨ੍ਹਾਂ ਕਿਸਾਨਾਂ ਦੀ ਨਰਸਰੀ ਤਿਆਰ ਹੋ ਗਈ ਹੈ, ਉਹ ਜਲਦੀ ਹੀ ਲੁਆਈ ਸ਼ੁਰੂ ਕਰ ਸਕਦੇ ਹਨ। ਜਿਹੜੇ ਕਿਸਾਨ ਨਰਸਰੀ ਨਹੀਂ ਲਗਾ ਸਕੇ ਜਾਂ ਉਹ ਖਰਾਬ ਹੋ ਗਈ ਹੈ, ਉਹ ਹੁਣ ਡਰੰਮ ਸੀਡਰ ਮਸ਼ੀਨ ਨਾਲ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: