ਪੰਜਾਬ ਵਿੱਚ ਸੋਮਵਾਰ ਨੂੰ ਇੱਕ ਵਾਰ ਫਿਰ ਮੌਸਮ ਦਾ ਮਿਜ਼ਾਜ ਬਦਲ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਮੁਤਾਬਕ ਸੋਮਵਾਰ ਸ਼ਾਮ ਤੱਕ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਸੂਬੇ ਵਿੱਚ ਅਗਲੇ ਹਫਤੇ ਤੱਕ ਮੌਸਮ ਸੁਹਾਵਨਾ ਰਹੇਗਾ। ਮੌਸਮ ਵਿਭਾਗ ਅਨੁਸਾਰ ਪੰਜਾਬ ਵਿੱਚ 5 ਜੁਲਾਈ ਤੋਂ ਮਾਨਸੂਨ ਇੱਕ ਵਾਰ ਫਿਰ ਐਕਟਿਵ ਹੋ ਜਾਵੇਗਾ। ਜਿਸ ਕਾਰਨ ਸੂਬੇ ਵਿੱਚ 6 ਤੇ 7 ਜੁਲਾਈ ਨੂੰ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਮਾਨਸੂਨ ਦੇ ਸਰਗਰਮ ਹੋਣ ਨਾਲ ਸ਼ੁੱਕਰਵਾਰ ਨੂੰ ਲੁਧਿਆਣਾ, ਚੰਡੀਗੜ੍ਹ ਤੇ ਬਠਿੰਡਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਪੰਜਾਬ ਵਿੱਚ ਮਾਨਸੂਨ ਸਰਗਰਮ ਤਾਂ ਹੈ ਪਰ ਲੁਧਿਆਣਾ ਤੇ ਪਟਿਆਲਾ ਨੂੰ ਛੱਡ ਕੇ ਬਾਕੀ ਥਾਵਾਂ ‘ਤੇ ਹਲਕੀ ਬਾਰਿਸ਼ ਹੀ ਹੋਈ। ਮੌਸਮ ਵਿਗਿਆਨੀਆਂ ਨੇ ਪਹਿਲਾਂ ਹੀ ਭਵਿੱਖਬਾਣੀ ਕੀਤੀ ਸੀ ਕਿ ਸੋਮਵਾਰ ਨੂੰ ਕਈ ਥਾਵਾਂ ‘ਤੇ ਬੱਦਲ ਛਾਏ ਰਹਿਣ ਗੇ। ਪੀਏਯੂ ਦੇ ਮੌਸਮ ਵਿਭਾਗ ਦੇ ਮੁਖੀ ਡਾ.ਪੀ.ਕੇ.ਕਿੰਗਰਾ ਨੇ ਦੱਸਿਆ ਕਿ 5 ਜੁਲਾਈ ਤੱਕ ਮੌਸਮ ਦਾ ਇਹੀ ਰੁਝਾਨ ਦੇਖਣ ਨੂੰ ਮਿਲੇਗਾ। ਕਦੇ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕਦੇ ਧੁੱਪ ਨਿਕਲ ਸਕਦੀ ਹੈ । 6 ਜੁਲਾਈ ਤੋਂ ਮੌਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਜਾਵੇਗਾ ਅਤੇ ਗਰਮੀ ਤੋਂ ਰਾਹਤ ਮਿਲੇਗੀ।
ਉੱਥੇ ਹੀ ਦੂਜੇ ਪਾਸੇ ਟਰਾਈਸਿਟੀ ਵਿੱਚ ਵੀ ਅਗਲੇ ਦਿਨਾਂ ਤੱਕ ਗਰਮੀ ਤੋਂ ਕੁਝ ਰਾਹਤ ਮਿਲੇਗੀ । ਅਗਲੇ ਪੰਜ ਦਿਨ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ । ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ ਵਿੱਚ 3 ਅਤੇ 4 ਜੁਲਾਈ ਨੂੰ ਬਾਰਿਸ਼ ਹੋਣ ਦੀ ਬਹੁਤ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ 6 ਜੁਲਾਈ ਨੂੰ ਭਾਰੀ ਮੀਂਹ ਦੀ ਸੰਭਾਵਨਾ ਹੈ।
ਜ਼ਿਕਰਯੋਗ ਹੈ ਕਿ ਸੂਬੇ ਵਿੱਚ ਐਤਵਾਰ ਤੜਕੇ ਪਟਿਆਲਾ ‘ਚ ਸਭ ਤੋਂ ਵੱਧ 17 ਮਿਲੀਮੀਟਰ ਮੀਂਹ ਪਿਆ ਜਦੋਂਕਿ ਲੁਧਿਆਣਾ ਵਿੱਚ 13.6 ਮਿਲੀਮੀਟਰ ਬਾਰਿਸ਼ ਹੋਈ। ਪਠਾਨਕੋਟ ਵਿੱਚ ਸਿਰਫ਼ 4.0 ਮਿਲੀਮੀਟਰ ਮੀਂਹ ਪਿਆ । ਹਾਲਾਂਕਿ ਜ਼ਿਆਦਾਤਰ ਥਾਵਾਂ ‘ਤੇ ਦਿਨ ਦਾ ਤਾਪਮਾਨ ਆਮ ਨਾਲੋਂ ਹੇਠਾਂ ਰਿਹਾ। ਅੰਮ੍ਰਿਤਸਰ ‘ਚ 34.4 ਡਿਗਰੀ, ਬਠਿੰਡਾ ਵਿੱਚ 33.4 ਡਿਗਰੀ, ਲੁਧਿਆਣਾ ਵਿੱਚ 33.8 ਡਿਗਰੀ, ਪਠਾਨਕੋਟ ਵਿੱਚ 33.2 ਅਤੇ ਪਟਿਆਲਾ ਵਿੱਚ 34.4 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: