ਖੰਨਾ ਦੇ ਪਿੰਡ ਗਗੜਮਾਜਰਾ ਦੇ ਰਹਿਣ ਵਾਲੇ ਕੁਲਵੰਤ ਸਿੰਘ (38) ਦੀ ਇਟਲੀ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਕੁਲਵੰਤ ਦਾ ਦੋਸਤ ਜਸਪ੍ਰੀਤ ਸਿੰਘ (22) ਜੋ ਕਿ ਫਤਿਹਗੜ੍ਹ ਸਾਹਿਬ ਦੇ ਪਿੰਡ ਹਰਲਾਲਪੁਰ ਦਾ ਰਹਿਣ ਵਾਲਾ ਹੈ, ਹਾਦਸੇ ਵਿਚ ਗੰਭੀਰ ਜ਼ਖਮੀ ਹੋ ਗਿਆ।
ਦੋਵੇਂ ਕੰਮ ਤੋਂ ਵਾਪਸ ਘਰ ਕਾਰ ਵਿਚ ਪਰਤ ਰਹੇ ਸਨ। ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਪਲਟ ਗਈ ਤੇ ਫਿਰ ਖੰਭੇ ਨਾਲ ਟਕਰਾ ਗਈ। ਹਾਦਸੇ ਵਿਚ ਕੁਲਵੰਤ ਦੀ ਮੌਤ ਹੋਈ। ਕੁਲਵੰਤ ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਸ਼ਹਿਰ ਸੁਈਸੀਓ ਵਿਚ ਰਹਿੰਦਾ ਸੀ।
ਮ੍ਰਿਤਕ ਕੁਲਵੰਤ ਸਿੰਘ ਦੀ ਮਾਂ ਤੇ ਭਰਾ ਪਿੰਡ ਗਗੜਮਾਜਰਾ ਵਿਚ ਰਹਿੰਦੇ ਹਨ। ਲਗਭਗ 15 ਸਾਲਾਂ ਤੋਂ ਕੁਲਵੰਤ ਸਿੰਘ ਇਟਲੀ ਵਿਚ ਰਹਿੰਦਾ ਸੀ। ਕਦੇ ਕਦੇ ਉਹ ਪਰਿਵਾਰ ਨੂੰ ਮਿਲਣ ਆਉਂਦਾ ਸੀ। ਉਸ ਦੀ ਪਤਨੀ ਤੇ ਢਾਈ ਸਾਲ ਦਾ ਬੇਟਾ ਵੀ ਇਟਲੀ ਵਿਚ ਹੈ। ਕੁਲਵੰਤ ਲਗਭਗ ਡੇਢ ਮਹੀਨਾ ਪਹਿਲਾਂ ਹੀ ਪੰਜਾਬ ਤੋਂ ਵਾਪਸ ਪਰਤਿਆ ਸੀ।
ਇਹ ਵੀ ਪੜ੍ਹੋ : ਕੈਨੇਡਾ ਦੇ ਕਾਲਜਾਂ ‘ਚ ਘਟੀ ਭਾਰਤੀ ਵਿਦਿਆਰਥੀਆਂ ਦੀ ਗਿਣਤੀ, ਸਖਤ ਵਰਕ ਪਰਮਿਟ ਸਣੇ ਬਣੀ ਇਹ ਵਜ੍ਹਾ
ਰੋਜ਼ ਫੋਨ ਕਰਕੇ ਆਪਣੀ ਮਾਂ ਨਾਲ ਗੱਲ ਕਰਕੇ ਹਾਲ ਜਾਣਦਾ ਰਹਿੰਦਾ ਸੀ। 9 ਜੂਨ ਨੂੰ ਹਾਦਸੇ ਦੀ ਖਬਰ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੇ ਪਰਿਵਾਰ ਨੂੰ ਫੋਨ ‘ਤੇ ਦਿੱਤੀ। ਮ੍ਰਿਤਕ ਕੁਲਵੰਤ ਦੇ ਭਰਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਅੰਤਿਮ ਸਸਕਾਰ ਇਟਲੀ ਵਿਚ ਹੀ ਕੀਤਾ ਜਾਵੇਗਾ। ਘਟਨਾ ਦੇ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਵਿਧਾਇਕ ਤਰੁਣਪ੍ਰੀਤ ਸਿੰਘ ਸੌਂਧ ਨੇ ਵੀ ਹਾਦਸੇ ‘ਤੇ ਅਫਸੋਸ ਪ੍ਰਗਟਾਇਆ। ਪੂਰੇ ਇਲਾਕੇ ਤੇ ਪਰਿਵਾਰ ਲਈ ਇਹ ਦੁਖਦ ਘਟਨਾ ਹੈ।