Rahul and Priyanka : ਹੁਸ਼ਿਆਰਪੁਰ ਦੇ ਟਾਂਡਾ ਪਿੰਡ ਵਿੱਚ ਬਿਹਾਰ ਦੀ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਬਹੁਤ ਹੈਰਾਨ ਕਰਨ ਵਾਲੀ ਹੈ। ਰਾਜਨੀਤਿਕ ਦੌਰਿਆਂ ‘ਤੇ ਜਾਣ ਦੀ ਬਜਾਏ, ਰਾਹੁਲ ਗਾਂਧੀ ਨੂੰ ਟਾਂਡਾ (ਪੰਜਾਬ) ਅਤੇ ਰਾਜਸਥਾਨ ਦਾ ਦੌਰਾ ਕਰਨਾ ਚਾਹੀਦਾ ਹੈ ਅਤੇ ਔਰਤਾਂ ਵਿਰੁੱਧ ਅਪਰਾਧ ਦੀਆਂ ਘਟਨਾਵਾਂ ਦਾ ਧਿਆਨ ਲੈਣਾ ਚਾਹੀਦਾ ਹੈ। ਇਹ ਬਿਆਨ ਪ੍ਰਕਾਸ਼ ਜਾਵਡੇਕਰ ਵੱਲੋਂ ਦਿੱਤੇ ਗਏ। ਟਾਂਡਾ ਵਿਖੇ ਨਾ ਤਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਨਾ ਹੀ ਪ੍ਰਿਯੰਕਾ ਗਾਂਧੀ ਪੀੜਤ ਪਰਿਵਾਰ ਨਾਲ ਮਿਲੇ। ਉਹ ਆਪਣੀ ਪਾਰਟੀ ਦੁਆਰਾ ਸ਼ਾਸਿਤ ਰਾਜਾਂ ਵਿੱਚ ਔਰਤਾਂ ਨਾਲ ਹੋ ਰਹੀ ਬੇਇਨਸਾਫੀ ਵੱਲ ਧਿਆਨ ਨਹੀਂ ਦਿੰਦੇ, ਪਰ ਹਾਥਰਾਸ ਅਤੇ ਹੋਰ ਥਾਵਾਂ ‘ਤੇ ਪੀੜਤ ਪਰਿਵਾਰ ਨਾਲ ਫੋਟੋ ਖਿਚਵਾਉਣ ਲਈ ਜਾਂਦੇ ਹਨ।
ਹੁਸ਼ਿਆਰਪੁਰ ਵਿਖੇ 6 ਸਾਲਾ ਬੱਚੀ ਨਾਲ ਜਬਰ ਜਨਾਹ ਦਾ ਮਾਮਲਾ ਸਿਆਸੀ ਰੰਗ ਲੈ ਚੁੱਕਾ ਹੈ। ਪ੍ਰਕਾਸ਼ ਜਾਵਡੇਕਰ ਨੇ ਰਾਹੁਲ ‘ਤੇ ਰਾਜਨੀਤੀ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਬਿਹਾਰ ਦੀ ਮੂਲ ਨਿਵਾਸੀ ਬੱਚੀ ਦਾ ਜਬਰ ਜਨਾਹ ਅਤੇ ਹੱਤਿਆ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਹੈ। ਸ਼ੁੱਕਰਵਾਰ ਨੂੰ 6 ਸਾਲਾ ਬੱਚੀ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਪਿੰਡ ਦੇ ਕਬਰਿਸਤਾਨ ‘ਚ ਅੰਤਿਮ ਸਸਕਾਰ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਸਿਆਸੀ ਤੇ ਧਾਰਮਿਕ ਸੰਗਠਨਾਂ ਦੇ ਪ੍ਰਤੀਨਿਧੀ ਪੁੱਜੇ। ਸਾਰੇ ਦੋਸ਼ੀਆਂ ਲਈ ਸਖਤ ਸਜ਼ਾ ਦੀ ਮੰਗ ਕਰ ਰਹੇ ਸਨ। ਕਬਰਿਸਤਾਨ ‘ਚ ਸਖਤ ਸੁਰੱਖਿਆ ਦਰਮਿਆਨ ਭਾਰੀ ਗਿਣਤੀ ‘ਚ ਲੋਕਾਂ ਦੀ ਹਾਜ਼ਰੀ ‘ਚ ਬੱਚੀ ਦਾ ਅੰਤਿਮ ਸਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਜਦੋਂ ਬੱਚੀ ਦੀ ਲਾਸ਼ ਪਿੰਡ ਪੁੱਜੀ ਤਾਂ ਲੋਕਾਂ ਦਾ ਗੁੱਸਾ ਫੁੱਟ ਗਿਆ ਅਤੇ ਉਨ੍ਹਾਂ ਨੇ ਦੋਸ਼ੀਆਂ ਦੇ ਘਰ ਦੇ ਬਾਹਰ ਇੱਕਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ।
ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਮੁੱਦੇ ‘ਤੇ ਕਾਂਗਰਸ ਵੱਲੋਂ ਚੁੱਪੀ ਸਾਧਣ ‘ਤੇ ਵੀ ਇਤਰਾਜ਼ ਪ੍ਰਗਟਾਇਆ ਹੈ। ਇਥੇ ਇਹ ਦੱਸਣਯੋਗ ਹੈ ਕਿ ਬੁੱਧਵਾਰ ਨੂੰ ਹੁਸ਼ਿਆਰਪੁਰ ਵਿਖੇ ਇੱਕ ਪਿੰਡ ‘ਚ ਹਵੇਲੀ ਤੋਂ ਇੱਕ 6 ਸਾਲਾ ਬੱਚੀ ਦੀ ਅੱਧਸੜੀ ਲਾਸ਼ ਬਰਾਮਦ ਕੀਤੀ ਗਈ ਸੀ। ਟਾਂਡਾ ਪੁਲਿਸ ਨੇ ਦੋਸ਼ੀ ਸੁਰਪ੍ਰੀਤ ਸਿੰਘ ਤੇ ਉਸ ਦੇ ਦਾਦਾ ਸੁਰਜੀਤ ਸਿੰਘ ਨੂੰ ਬੱਚੀ ਨਾਲ ਜਬਰ ਜਨਾਹ ਦੇ ਮਾਮਲੇ ‘ਚ ਗ੍ਰਿਫਤਾਰ ਕੀਤਾ ਸੀ। ਟਾਂਡਾ ਪੁਲਿਸ ਨੇ ਧਾਰਾ 302, 376, 201 ਤਹਿਤ ਕੇਸ ਦਰਜ ਕਰਕੇ ਦੋਸ਼ੀ ਸੁਰਪ੍ਰੀਤ ਸਿੰਘ ਤੇ ਉਸ ਦੇ ਦਾਦਾ ਸੁਰਜੀਤ ਸਿੰਘ ਨੂੰ ਅਦਾਲਤ ‘ਚ ਪੇਸ਼ ਕੀਤਾ ਤੇ ਉਨ੍ਹਾਂ ਨੂੰ ਦੋ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ।