Secularism is essential for : ਲੋਕਤੰਤਰ ਲਈ ਪਹਿਲਾਂ ਧਰਮ ਨਿਰਪੱਖਤਾ ਜ਼ਰੂਰੀ ਹੈ ਤੇ ਇਸੇ ਤਰ੍ਹਾਂ ਧਰਮ ਨਿਰਪੱਖਤਾ ਲਈ ਲੋਕਤੰਤਰੀ ਜ਼ਰੂਰੀ ਹੈ। ਦੋਵੇਂ ਆਦਰਸ਼ ਇਕ ਦੂਜੇ ਨੂੰ ਮਜ਼ਬੂਤ ਕਰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਦੇਸ਼ ਵਿਚ ਅੰਦਰੂਨੀ ਐਮਰਜੰਸੀ ਲਗਾਉਣ ਦੀ 45ਵੀਂ ਵਰ੍ਹੇਗੰਢ ਮੌਕੇ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਵਿਚ ਦਰਜ ਧਰਮ ਨਿਰਪੱਖ ਸਰੂਪ ਪ੍ਰਤੀ ਬਰਾਬਰ ਦੀ ਵਚਨਬੱਧਤਾ ਦੇ ਬਗੈਰ ਲੋਕਤੰਤਰ ਲਈ ਵਚਨਬੱਧਤਾ ਅਰਥਹੀਣ ਰਹਿ ਜਾਂਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਲੋਕਤੰਤਰ ਲਈ ਦੇਸ਼ ਦੇ ਸੰਘੀ ਢਾਂਚੇ ਨੂੰ ਜ਼ਰੂਰੀ ਦੱਸਦਿਆਂ ਕਿਹਾ ਕਿ ਲੋਕਤੰਤਰ ਇਕ ਪੱਧਰ ਦਾ ਢਾਂਚਾ ਨਹੀਂ ਹੈ। ਇਹ ਵਿਅਕਤੀਗਤ ਤੇ ਸਮਾਜਿਕ ਪੱਧਰ ‘ਤੇ ਸਰਬਵਿਆਪਕ ਵੋਟਿੰਗ ਅਧਿਕਾਰ ਰਾਹੀਂ ਕੰਮ ਕਰਦਾ ਹੈ। ਕੌਮੀ ਤੇ ਅੰਤਰ ਰਾਜੀ ਪੱਧਰਾਂ ‘ਤੇ ਇਕ ਸਹੀ ਸੰਘੀ ਢਾਂਚਾ ਹੀ ਸਾਡੀ ਪ੍ਰਣਾਲੀ ਦੇ ਅਰਥਪੂਰਨ ਕੰਮਕਾਜ ਦੀ ਗਰੰਟੀ ਦਿੰਦਾ ਹੈ ਤਾਂ ਹੀ ਕੌਮੀ ਖੁਸਹਾਲੀ ਆਵੇਗੀ ਤੇ ਭਾਰਤ ਵਿਸ਼ਵ ਪੱਧਰ ‘ਤੇ ਸੁਪਰ ਪਾਵਰ ਬਣੇਗਾ।
ਇਸ ਮੌਕੇ ਉਨ੍ਹਾਂ ਨੇ 1975 ਦੇ ਸਮੇਂ ਤਾਨਾਸ਼ਾਹ ਆਗੂਆਂ ਵੱਲੋਂ ਸੰਵਿਧਾਨ ਨੂੰ ਤਾਕ ’ਤੇ ਲਗਾਉਣ ਬਾਰੇ ਯਾਦ ਕਰਦਿਆਂ ਦੇਸ਼ ਵਿਚ ਆਜ਼ਾਦੀ ਤੇ ਪ੍ਰਭੂਸੱਤਾ ਵਾਂਗ ਹੀ ਧਰਮ ਨਿਰਪੱਖਤਾ ਤੇ ਲੋਕਤੰਤਰ ਦੀ ਰਾਖੀ ਦੀ ਲੋੜ ’ਤੇ ਜ਼ੋਰ ਦਿੱਤਾ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਸੰਵਿਧਾਨ ਦੀ ਇਕ ਵਿਵਸਥਾ ਨਹੀਂ, ਸਗੋਂ ਸਾਂਝੀ ਇੱਛਾ ਸ਼ਕਤੀ ਤੇ ਲੋਕਾਂ ਦੇ ਸੁਫਨਿਆਂ ਤੇ ਰੀਝਾਂ ਦਾ ਪ੍ਰਗਟਾਵਾ ਹੈ, ਜਿਸ ਦਿਨ ਲੋਕਾਂ ਦੀ ਇੱਛਾ ਸ਼ਕਤੀ ਹੋ ਗਈ ਤਾਂ ਫਿਰ ਸੰਵਿਧਾਨ ਵੀ ਲੋਕਤੰਤਰ ਤੇ ਧਰਮ ਨਿਰਪੱਖਤਾ ਨੂੰ ਸਨਕੀ ਤਾਨਾਸ਼ਾਹਾਂ ਦਾ ਸ਼ਿਕਾਰ ਹੋਣ ਤੋਂ ਨਹੀਂ ਰੋਕ ਸਕਦਾ।