ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਕਾਲ ਵਿਚ ਵਿਚਾਲੇ ਛੱਡ ਕੇ ‘ਕੁਰਸੀ ਲਈ ਲੜਨ’ ਵਾਸਤੇ ਦਿੱਲੀ ਪੁੱਜ ਜਾਣ ਦੇ ਤਰੀਕੇ ’ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ।
ਕੋਰ ਕਮੇਟੀ ਦੀ ਮੀਟਿੰਗ ‘ਚ ਇਹ ਗੱਲ ਵਿਚਾਰੀ ਗਈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਕੋਰੋਨਾ ਨਾਲ ਜੂਝ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਪ੍ਰਤੀ ਬਿਲਕੁਲ ਹੀ ਬੇਪ੍ਰਵਾਹ ਹਨ ਤੇ ਉਹ ਸਿਰਫ ਕੁਰਸੀ ਦੀ ਦੌੜ ਵਿਚ ਇਕ ਦੂਜੇ ਤੋਂ ਅੱਗੇ ਲੰਘਣ ਵਿਚ ਲੱਗੇ ਹੋਏ ਹਨ ਕੋਰ ਕਮੇਟੀ ਨੇ ਪੰਜਾਬ ਵਿਚ ਕੋਰੋਨਾ ਨਾਲ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੋਣ ਵੇਲੇ ਮੰਤਰੀ ਤੇ ਵਿਧਾਇਕਾਂ ਵੱਲੋਂ ਸਾਰੀਆਂ ਨੈਤਿਕ ਕਦਰਾਂ ਕੀਮਤਾਂ ਛਿੱਕੇ ਟੰਗ ਕੇ ਲਾਲਸਾ ਵਿਖਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਤੇ ਕਿਹਾ ਕਿ ਇਹ ਵੀ ਅਸਲੀਅਤ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਇਸ ਸਾਰੀ ਕਾਰਵਾਈ ਨੂੰ ਉਤਸ਼ਾਹਿਤ ਕੀਤਾ ਹੈ ਜਿਸ ਤੋਂ ਗਾਂਧੀ ਪਰਿਵਾਰ ਦੀ ਪੰਜਾਬੀਆਂ ਪ੍ਰਤੀ ਸੋਚ ਦਾ ਪਤਾ ਲੱਗਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਾਰੇ ਵਰਤਾਰੇ ਦੀ ਪ੍ਰਧਾਨਗੀ ਕਰਨ ਤੇ ਆਪਣੇ ਆਪ ਨੂੰ ਕੁਰਸੀ ਬਚਾਉਣ ਵਿਚ ਰੁੱਝੇ ਰੱਖਣ ਤੇ ਕੋਰੋਨਾ ਖਿਲਾਫ ਲੜਾਈ ਵਾਸਤੇ ਨਿਗਰਾਨੀ ਵਾਸਤੇ ਬਾਹਰ ਹੀ ਨਾ ਨਿਕਲਣ ਦੀ ਨਿਖੇਧੀ ਕੀਤੀ। ਕਮੇਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਿਰਫ ਆਪਣੇ ਬਾਰੇ ਸੋਚ ਰਹੇ ਹਨ ਅਤੇ ਆਪਣੇ ਰਾਜ ਨੂੰ ਬਚਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਲੋਕਾਂ ਦੀਆਂ ਤਕਲੀਫਾਂ ਦੀ ਬਿਲਕੁਲ ਪਰਵਾਹ ਨਹੀਂ ਹੈ। ਕਮੇਟੀ ਨੇ ਕਿਹਾ ਕਿ ਜਿਸ ਤਰੀਕੇ ਪੰਜਾਬ ਦੇ ਲੋਕਾਂ ਨੂੰ ਆਪਣੇ ਹਾਲ ’ਤੇ ਛੱਡ ਦਿੱਤਾ ਗਿਆ ਤੇ ਦਵਾਈਆਂ, ਆਕਸੀਜਨ ਤੇ ਵੈਕਸੀਨ ਡੋਜ਼ ਨਹੀਂ ਦਿੱਤੀ ਗਈ, ਇਸ ਵਿਹਾਰ ਦਾ ਕੋਈ ਜਵਾਬ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਇਸ ਸਭ ਦੇ ਕਾਰਨ ਹੀ ਸੂਬੇ ਵਿਚ 14500 ਲੋਕਾਂ ਨੇ ਆਪਣੀ ਜਾਨ ਗੁਆ ਲਈ ਹੈ ਤੇ ਸੂਬੇ ਵਿਚ ਮੌਤ ਦਰ ਦੇਸ਼ ਵਿਚ ਸਭ ਤੋਂ ਜ਼ਿਆਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਨੂੰ ਇਸਦੀ ਪਰਵਾਹ ਨਹੀਂਹੈ।
ਸੁਖਬੀਰ ਬਾਦਲ ਨੇ ਮੀਟਿੰਗ ਵਿਚ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਦੇ ਮੰਤਰੀ ਤੇ ਵਿਧਾਇਕ ਮੁੱਖ ਮੰਤਰੀ ਦੀ ਕੁਰਸੀ ਵਾਸਤੇ ਤੇ ਕੈਬਨਿਟ ਵਿਚ ਅਹੁਦੇ ਹਾਸਲ ਕਰਨ ਵਾਸਤੇ ਦਿੱਲੀ ਚਲੇ ਗਏ ਹਨ ਪਰ ਮੁੱਖ ਮੰਤਰੀ ਕਦੇ ਜੀਵਨ ਰੱਖਿਅਕ ਦਵਾਈਆਂ, ਆਕਸੀਜ਼ਨ ਕੰਸੈਂਟ੍ਰੇਟਰ ਤੇ ਦਵਾਈਆਂ ਲੈਣ ਵਾਸਤੇ ਦਿੱਲੀ ਨਹੀਂ ਗਏ। ਉਨ੍ਹਾਂ ਕਿਹਾ ਕਿ ਇਹੀ ਗਲਤ ਤਰਜੀਹ ਹੀ ਸੂਬੇ ਵਿਚ ਗੰਭੀਰ ਕੋਰੋਨਾ ਸੰਕਟ ਲਈ ਜ਼ਿੰਮੇਵਾਰ ਹੈ । ਕਾਂਗਰਸ ਸਰਕਾਰ ਨੂੰ ਮਨੁੱਖਤਾ ਨੂੰ ਪਹਿਲ ਦੇਣ ਲਈ ਆਖਦਿਆਂ ਕਿਹਾ ਕਿ ਮੁੱਖ ਮੰਤਰੀ ਨੂੰ ਆਪਣੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੁੰ ਹਦਾਇਤ ਦੇਣੀ ਚਾਹੀਦੀ ਹੈ ਕਿ ਉਹ ਤੁਰੰਤ ਪੰਜਾਬ ਪਰਤ ਆਉਣ ਤੇ ਪੰਜਾਬ ਵਿਚ ਕੋਰੋਨਾ ਮਰੀਜ਼ਾਂ ਦੀ ਮਦਦ ਵਿਚ ਜੁੱਟ ਜਾਣ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਖੁਦ ਮਿਸਾਲ ਕਾਇਮ ਕਰਨੀ ਚਾਹੀਦੀ ਹੈ ਤੇ ਬਲਾਕ ਪੱਧਰ ’ਤੇ ਕੋਰੋਨਾ ਕੇਅਰ ਸੈਂਟਰ ਖੋਲ੍ਹਣੇ ਚਾਹੀਦੇ ਹਨ ਤਾਂ ਜੋ ਕੋਰੋਨਾ ਵਿਚ ਵਾਧਾ ਹੋਣ ਤੋਂ ਰੋਕਿਆ ਜਾ ਸਕੇ ਤੇ 1000 ਕਰੋੜ ਰੁਪਏ ਨਾਲ ਸਿੱਧਾ ਉਤਪਾਦਕਾਂ ਤੋਂ ਵੈਕਸੀਨ ਖਰੀਦ ਕੇ ਅਗਲੇ ਛੇ ਮਹੀਨਿਆਂ ਦੇ ਅੰਦਰ ਸੂਬੇ ਦੇ ਸਾਰੇ ਲੋਕਾਂ ਨੂੰ ਵੈਕਸੀਨ ਲਗਾਉਣੀ ਚਾਹੀਦੀ ਹੈ। ਕੋਰ ਕਮੇਟੀ ਨੇ ਮੁੱਖ ਮੰਤਰੀ ਤੇ ਮੰਤਰੀਆਂ ਸਮੇਤ ਸਰਕਾਰ ਦਾ ਫੀਲਡ ਵਿਚੋਂ ਗੈਰ ਹਾਜ਼ਰ ਹੋਣ ਤੇ ਅਮਨ ਕਾਨੂੰਨ ਦੀ ਸਥਿਤੀ ਵਿਚ ਬਹੁਤ ਜਿਆਦਾ ਵਿਗਾੜ ਆਉਣ ‘ਤੇ ਵੀ ਚਿੰਤਾ ਪ੍ਰਗਟਾਈ।