Shops open until 8 pm : ਜਲੰਧਰ : ਵੀਕੈਂਡ ਲੌਕਡਾਊਨ ਨੂੰ ਲੈ ਕੇ ਬਣੀ ਦੁਚਿੱਤੀ ਨੂੰ ਜ਼ਿਲਾ ਪ੍ਰਸ਼ਾਸਨ ਨੇ ਦੂਰ ਕਰਦਿਆਂ ਸਪੱਸਟ ਕੀਤਾ ਹੈ ਕਿ ਜਲੰਧਰ ਵਿਚ ਸ਼ਨੀਵਾਰ ਰਾਤ ਨੂੰ ਵੀ 8 ਵਜੇ ਤੱਕ ਸਾਰੀਆਂ ਦੂਕਾਨਾਂ ਖੋਲ੍ਹੀਆਂ ਜਾ ਸਕਦੀਆਂ ਹਨ, ਜਿਸ ’ਤੇ ਕਿਸੇ ਤਰ੍ਹਾਂ ਦੀ ਕੋਈ ਰੋਕ ਨਹੀਂ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਘਣਸਿਆਮ ਥੋਰੀ ਨੇ ਕਿਹਾ ਕਿ ਐਤਵਾਰ ਨੂੰ ਜ਼ਰੂਰੀ ਸੇਵਾਵਾਂ ਨਾਲ ਜੁੜੀਆਂ ਦੁਕਾਨਾਂ ਨੂੰ ਛੱਡ ਕੇ ਬਾਕੀ ਹਰ ਤਰ੍ਹਾਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਬੀਤੇ ਮਹੀਨੇ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਸ਼ਨੀਵਾਰ ਨੂੰ ਦੁਕਾਨਾਂ 5 ਵਜੇ ਤੱਕ ਖੋਲ੍ਹਣ ਲਈ ਕਿਹਾ ਗਿਆ ਸੀ ਪਰ ਹੁਣ 30 ਜੂਨ ਤੋਂ ਬਾਅਦ ਪੰਜਾਬ ਵਿਚ ਲੌਕਡਾਊਨ ਨੂੰ ਅੱਗੇ ਨਹੀਂ ਵਧਾਇਆ ਗਿਆ ਅਤੇ ਕੇਂਦਰ ਸਰਕਾਰ ਨੇ ਵੀ ਇਸ ਦੌਰਾਨ ਅਨਲੌਕ-2 ਲਈ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਸਨ ਜਿਸ ਦੇ ਚੱਲਦਿਆਂ ਪੰਜਾਬ ਵਿਚ ਵੀਕੈਂਡ ਲੌਕਡਾਊਨ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਸੀ ਕਿ ਦੁਕਾਨਾਂ ਪੰਜ ਵਜੇ ਤੱਕ ਖੋਲ੍ਹੀਆਂ ਜਾਣਗੀਆਂ।
ਦੁਕਾਨਦਾਰਾਂ ਵਿਚ ਇਸ ਗੱਲ ਨੂੰ ਲੈ ਕੇ ਡਰ ਸੀ ਕਿ ਜੇਕਰ ਉਨ੍ਹਾਂ ਨੇ 8 ਵਜੇ ਤੱਕ ਦੁਕਾਨਾਂ ਖੋਲ੍ਹੀਆਂ ਤਾਂ ਪੁਲਿਸ ਕਿਤੇ ਉਨ੍ਹਾਂ ’ਤੇ ਕਾਰਵਾਈ ਹੀ ਨਾ ਕਰ ਦੇਵੇ, ਜਿਸ ਦੇ ਚੱਲਦਿਆਂ ਜ਼ਿਲਾ ਮੈਜਿਸਟ੍ਰੇਟ ਥੋਰੀ ਵੱਲੋਂ ਇਸ ਸਥਿਤੀ ਨੂੰ ਸਪੱਸ਼ਟ ਕਰ ਦਿੱਤਾ ਗਿਆ ਅਤੇ ਦੁਕਾਨਾਂ ਨੂੰ ਅੱਠ ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ।