ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਸੋਮਵਾਰ ਨੂੰ ਮਹਾਰਾਸ਼ਟਰ ਦੇ ਦੋ ਸ਼ਾਰਪ ਸ਼ੂਟਰਾਂ ਸੰਤੋਸ਼ ਜਾਧਵ ਤੇ ਉਸਦੇ ਸਾਥੀ ਨਵਨਾਥ ਸੂਰਿਆਵੰਸ਼ੀ ਨੂੰ ਪੁਣੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਦੋਵੇਂ ਮੁਲਜ਼ਮਾਂ ਨੂੰ 20 ਜੂਨ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਸ਼ੂਟਰਾਂ ਤੋਂ ਪੁੱਛਗਿੱਛ ਕਰਨ ਲਈ ਪੰਜਾਬ ਪੁਲਿਸ ਦੀ ਵਿਸ਼ੇਸ਼ ਟੀਮ ਪੁਣੇ ਪਹੁੰਚ ਗਈ ਹੈ । ਪੰਜਾਬ ਪੁਲਿਸ ਵੱਲੋਂ ਦੋਵਾਂ ਸ਼ੂਟਰਾਂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਲਈ ਰਸਮੀ ਕਾਰਵਾਈਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਮਾਮਲੇ ਵਿੱਚ ਮਾਨਸਾ ਦੇ ਐਸਐਸਪੀ ਅਤੇ SIT ਮੈਂਬਰ ਗੌਰਵ ਤੋਰਾ ਨੇ ਕਿਹਾ ਹੈ ਕਿ ਅਸੀਂ ਦੋਵਾਂ ਗ੍ਰਿਫ਼ਤਾਰੀਆਂ ਸਬੰਧੀ ਮਹਾਰਾਸ਼ਟਰ ਪੁਲਿਸ ਦੇ ਸੰਪਰਕ ਵਿੱਚ ਹਾਂ। ਜੇਕਰ ਸਾਨੂੰ ਇਸ ਮਾਮਲੇ ਵਿੱਚ ਕੋਈ ਵੀ ਕੜੀ ਮਿਲਦੀ ਹੈ ਤਾਂ ਅਸੀਂ ਪੁੱਛਗਿੱਛ ਲਈ ਉਨ੍ਹਾਂ ਨੂੰ ਪੰਜਾਬ ਜ਼ਰੂਰ ਲਿਆਵਾਂਗੇ।
ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਏਡੀਜੀਪੀ ਕੁਲਵੰਤ ਸਾਰੰਗਲ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਸੌਰਭ ਮਹਾਕਾਲ ਤੋਂ ਸੂਚਨਾ ਮਿਲਣ ਤੋਂ ਬਾਅਦ ਇਨ੍ਹਾਂ ਦੋਹਾਂ ਸ਼ੂਟਰਾਂ ਨੂੰ ਫੜ੍ਹਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਸ਼ੂਟਰਾਂ ਦੇ ਤਾਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਹੋਏ ਹਨ । ਦੱਸ ਦੇਈਏ ਕਿ ਗ੍ਰਿਫ਼ਤਾਰ ਕੀਤਾ ਗਿਆ ਸ਼ੂਟਰ ਸੰਤੋਸ਼ ਜਾਧਵ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਰਾਜਸਥਾਨ ਦੀ ਸ੍ਰੀਗੰਗਾਨਗਰ ਪੁਲਿਸ ਨੂੰ ਲੋੜੀਂਦਾ ਹੈ। ਗੋਲੀਬਾਰੀ ਕੈਨੇਡਾ ਦੇ ਗੈਂਗਸਟਰ ਗੋਲਡੀ ਬਰਾੜ ਵੱਲੋਂ 2 ਕਰੋੜ ਰੁਪਏ ਦੀ ਵਸੂਲੀ ਲਈ ਕਥਿਤ ਤੌਰ ‘ਤੇ ਕੀਤੀ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: