ਇਸ ਵੇਲੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮੂਸੇਵਾਲਾ ਦੇ ਕਤਲਕਾਂਡ ਵਿੱਚ ਸ਼ਾਮਿਲ ਸ਼ਾਰਪ ਸ਼ੂਟਰਾਂ ਮਨਪ੍ਰੀਤ ਮੰਨੂ ਕੁੱਸਾ ਤੇ ਜਗਰੂਪ ਰੂਪਾ ਦੇ ਨਾਲ ਪੰਜਾਬ ਪੁਲਿਸ ਦੀ ਮੁੱਠਭੇੜ ਜਾਰੀ ਹੈ। ਹੁਣੇ ਮਿਲੀ ਜਾਣਕਾਰੀ ਅਨੁਸਾਰ ਇਸ ਮੁੱਠਭੇੜ ਵਿੱਚ ਇੱਕ ਗੈਂਗਸਟਰ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਇੱਕ ਗੈਂਗਸਟਰ ਦੀ ਮੌਤ ਤੋਂ ਬਾਅਦ ਵੀ ਦੋ ਗੈਂਗਸਟਰ ਹਵੇਲੀ ਅੰਦਰ ਲੁਕੇ ਹੋਣ ਦੀ ਖਬਰ ਸਾਹਮਣੇ ਆਈ ਹੈ । ਇਨ੍ਹਾਂ ਗੈਂਗਸਟਰਾਂ ਵੱਲੋਂ AK 47 ਨਾਲ ਪੁਲਿਸ ‘ਤੇ ਫਾਇਰਿੰਗ ਕੀਤੀ ਗਈ ਹੈ। ਇਹ ਮੁੱਠਭੇੜ ਅੰਮ੍ਰਿਤਸਰ ਦੇ ਅਟਾਰੀ-ਭਾਖਨਾ ਕਲਾਂ ਰੋਡ ‘ਤੇ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਨੋ ਪਾਸਿਆਂ ਤੋਂ ਸੈਂਕੜੇ ਰਾਊਂਡ ਫਾਇਰ ਕੀਤੇ ਗਏ ਹਨ। ਇਹ ਇਲਾਕਾ ਭਾਰਤ-ਪਾਕਿਸਤਾਨ ਸਰਹੱਦ ਤੋਂ ਕਰੀਬ 10 ਕਿਲੋਮੀਟਰ ਦੂਰ ਹੈ। ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਸੁਨਸਾਨ ਇਲਾਕੇ ਵਿੱਚ ਬਣੀ ਇੱਕ ਪੁਰਾਣੀ ਹਵੇਲੀ ਵਿੱਚ ਗੈਂਗਸਟਰ ਮੰਨੂ ਕੁੱਸਾ ਅਤੇ ਜਗਰੂਪ ਰੂਪਾ ਲੂਕੇ ਬੈਠੇ ਸਨ।
ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ AGTF, ਸਪੈਸ਼ਲ ਆਪ੍ਰੇਸ਼ਨ ਸੈੱਲ ਅਤੇ ਅੰਮ੍ਰਿਤਸਰ ਪੁਲਿਸ ਦੀਆਂ ਟੀਮਾਂ ਨੇ ਇਨ੍ਹਾਂ ਨੂੰ ਘੇਰਿਆ ਹੋਇਆ ਹੈ .ਪੁਲਿਸ ਵੱਲੋਂ ਇਨ੍ਹਾਂ ਨੂੰ ਸਰੈਂਡਰ ਕਰਨ ਲਈ ਕਿਹਾ ਗਿਆ ਸੀ ਪਰ ਉਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਸੂਤਰਾਂ ਅਨੁਸਾਰ ਮੂਸੇਵਾਲਾ ਦੇ ਕਤਲ ਵਿੱਚ ਵਰਤੇ ਹਥਿਆਰ ਇਨ੍ਹਾਂ ਦੋਹਾਂ ਦੇ ਕੋਲ ਹੀ ਹਨ। ਓਹਨਾ ਵੱਲੋਂ ਇਸੇ ਨਾਲ ਫਾਇਰਿੰਗ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: