ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਮੱਦੇਨਜ਼ਰ ਲਗਭਗ ਸਾਰੀ ਸਿਆਸੀ ਦਲ ਸਰਗਰਮ ਹਨ। ਇਸ ਵਿਚਕਾਰ ਖਬਰ ਹੈ ਕਿ ਅੱਜ ਨਵਜੋਤ ਸਿੰਘ ਸਿੱਧੂ ਮੋਗਾ ਵਿਖੇ ਸੋਨੂੰ ਸੂਦ ਦੇ ਘਰ 2.30 ਵਜੇ ਦੁਪਹਿਰ ਨੂੰ ਆ ਰਹੇ ਹਨ। ਇਸ ਨਾਲ ਤੈਅ ਹੈ ਕਿ ਪੰਜਾਬ ਕਾਂਗਰਸ ਇਕ ਰਣਨੀਤੀ ਤਹਿਤ ਵਿਰੋਧੀ ਧਿਰਾਂ ਨੂੰ ਵੱਡਾ ਝਟਕਾ ਦੇ ਰਹੀ ਹੈ। ਇਸ ਤੋਂ ਪਹਿਲਾਂ ਕੈਪਟਨ ਖੇਮੇ ਦੇ ਰੁਸੇ ਹੋਏ ਵਿਧਾਇਕਾਂ ਨੂੰ ਵੀ ਸੀ. ਐੱਮ. ਚੰਨੀ ਮਿਲ ਚੁੱਕੇ ਹਨ, ਤਾਂ ਜੋ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਝਟਕਾ ਨਾ ਲੱਗੇ।
ਖ਼ਬਰ ਹੈ ਕਿ ਸੋਨੂੰ ਸੂਦ ਦੇ ਘਰ ਬਾਹਰ ਸਵੇਰ ਤੋਂ ਹੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਡੀ. ਸੀ. ਹਰੀਸ਼ ਨਈਅਰ ਅਤੇ ਐੱਸ. ਐੱਸ. ਪੀ. ਸੁਰਿੰਦਰ ਜੀਤ ਸਿੰਘ ਅੱਜ ਸਭ ਤੋਂ ਪਹਿਲਾਂ ਸੋਨੂੰ ਸੂਦ ਦੇ ਘਰ ਦਾਖ਼ਲ ਹੋਏ। ਇੰਟੈਲੀਜੈਂਸ ਅਤੇ ਪੁਲਿਸ ਅਧਿਕਾਰੀ ਉਨ੍ਹਾਂ ਦੇ ਘਰ ਅੰਦਰ ਮੌਜੂਦ ਹਨ। ਸੋਨੂੰ ਸੂਦ ਵੀ ਆਪਣੀ ਰਿਹਾਇਸ਼ ਦੇ ਅੰਦਰ ਹਨ ਪਰ ਮੀਡੀਆ ਨੂੰ ਐਂਟਰੀ ਨਹੀਂ ਦਿੱਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਉੱਥੇ ਪਹੁੰਚਣਗੇ, ਹਾਲਾਂਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ।
ਦੂਜੇ ਪਾਸੇ ਕਾਂਗਰਸ ਵਿੱਚ ਵੀ ਹਲਚਲ ਮਚੀ ਹੋਈ ਹੈ ਕਿਉਂਕਿ ਸਥਾਨਕ ਲੀਡਰਸ਼ਿਪ ਨੂੰ ਵੀ ਨਹੀਂ ਪਤਾ ਕਿ ਕੀ ਹੋ ਰਿਹਾ ਹੈ। ਇੱਥੋਂ ਤੱਕ ਕਿ ਵਿਧਾਇਕਾਂ ਨੂੰ ਵੀ ਕੁਝ ਨਹੀਂ ਪਤਾ। ਦੱਸ ਦੇਈਏ ਕਿ ਬੀਤੇ ਦਿਨ ਸੋਨੂ ਸੂਦ ਨੇ ਪੰਜਾਬ ਦੇ ਮੁੱਖ ਮੰਤਰੀ ਚੰਨੀ ਨਾਲ ਚੰਡੀਗੜ੍ਹ ਦੇ ਸੈਕਟਰ-35 ਵਿਖੇ ਇੱਕ ਨਿੱਜੀ ਹੋਟਲ ਵਿਚ ਮੁਲਾਕਾਤ ਕੀਤੀ ਸੀ । ਦੋਵਾਂ ਵਿਚਾਲੇ ਇਹ ਮੀਟਿੰਗ ਲਗਭਗ ਢਾਈ ਘੰਟੇ ਤੱਕ ਚੱਲੀ ਸੀ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਅਕਾਲੀ ਦਲ ਵੱਲੋਂ 3 ਹੋਰ ਉਮੀਦਵਾਰਾਂ ਦਾ ਐਲਾਨ
ਸੋਨੂੰ ਸੂਦ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿਚਾਲੇ ਇਹ ਮੀਟਿੰਗ ਉਸ ਸਮੇਂ ਹੋਈ, ਜਦੋਂ ਖਬਰਾਂ ਸਨ ਕਿ ਆਮ ਆਦਮੀ ਪਾਰਟੀ ਅਦਾਕਾਰ ਨੂੰ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਯਤਨ ਕਰ ਰਹੀ ਸੀ। ਸੂਤਰਾਂ ਮੁਤਾਬਕ ਸੋਨੂੰ ਸੂਦ 2022 ਦੀਆਂ ਚੋਣਾਂ ਲੜਨਾ ਚਾਹੁੰਦੇ ਹਨ। ਉਨ੍ਹਾਂ ਦੀ ਭੈਣ ਵੀ ਮੋਗਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: