Students will now raise awareness : ਚੰਡੀਗੜ੍ਹ : ਕੋਵਿਡ-19 ਮਹਾਮਾਰੀ ਦੀ ਇਸ ਜੰਗ ਵਿਚ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਵੱਲੋਂ ਵੀ ਲੋਕਾਂ ਵਿੱਚ ਸੰਵੇਦਨਸ਼ੀਲਤਾ ਪੈਦਾ ਕਰਨ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨੂੰ ’ਪ੍ਰਣ’ ਨਾਂ ਦਿੱਤਾ ਗਿਆ ਹੈ, ਜਿਸ ਵਿਚ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਪੋਸਟਰ ਅਤੇ ਸਕੈਚ ਬਣਾ ਕੇ ਕਰੋਨਾ ਦੀ ਮਹਾਂਮਾਰੀ ਦੀ ਗੰਭੀਰਤਾ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
ਇਨ੍ਹਾਂ ਪੋਸਟਰਾਂ ਵਿੱਚ ਕਰੋਨ ਮਹਾਂਮਾਰੀ ਵਿਰੁੱਧ ‘ਮਿਸ਼ਨ ਫਤਿਹ’ ਨੂੰ ਪੂਰੀ ਤਰ੍ਹਾਂ ਕਾਮਯਾਬ ਬਨਾਉਣ ਵਾਸਤੇ ਵਾਰ ਵਾਰ ਹੱਥ ਧੋਣ, ਮਾਸਕ ਪਹਿਣਨ, ਸਮਾਜਿਕ ਦੂਰੀ ਬਣਾਈ ਰੱਖਣ, ਨਿੱਜੀ ਜਾਂ ਸਰਵਜਨਕ ਸਾਧਨਾਂ ਰਾਹੀਂ ਸਫ਼ਰ ਕਰਨ ਸਮੇਂ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਤੇ ਲਾਗੂ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕੋਵਾ ਐਪ ਡਾਊਨ ਲੋਰਡ ਕਰਨ ਵਾਸਤੇ ਵੀ ਪੋਸਟਰਾਂ ਦੇ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾ ਜੋ ਕਰੋਨਾ ਨਾਲ ਲੜਨ ਦਾ ਸੁਨੇਹਾ ਅਤੇ ਢੰਗ-ਤਰੀਕਾ ਹਰੇਕ ਵਿਅਕਤੀ ਤੱਕ ਵਧੀਆ ਤਰੀਕੇ ਨਾਲ ਪਹੁੰਚਾਇਆ ਜਾ ਸਕੇ। ਇਹ ਜਾਣਕਾਰੀ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਵੱਲੋਂ ਦਿੱਤੀ ਗਈ।
ਇਸੇ ਦੌਰਾਨ ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਕੋਰੋਨਾ ਤੋਂ ਬਚਾਅ ਲਈ ਮੁੱਖ ਅਧਿਆਪਕਾਂ, ਅਧਿਆਪਕਾਂ, ਲੈਕਚਰਾਰਾਂ ਅਤੇ ਸਕੂਲ ਸਿੱਖਿਆ ਵਿਭਾਗ ਦੇ ਹੋਰ ਸਟਾਫ ਨੂੰ ਇਸ ‘ਪ੍ਰਣ’ ਮੁਹਿੰਮ ਦੇ ਨਾਲ ਨਾਲ ਬੱਚਿਆਂ ਦੇ ਮਾਪਿਆਂ ਅਤੇ ਹੋਰਨਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਵਿੱਚ ਵੀ ਹੋਰ ਤੇਜ਼ੀ ਲਿਆਉਣ ਲਈ ਕਿਹਾ। ਸਿੱਖਿਆ ਸਕੱਤਰ ਨੇ ਕਿਹਾ ਕਿ ਅਧਿਆਪਕਾਂ ਦਾ ਲੋਕਾਂ ਨਾਲ ਨੇੜੇ ਦਾ ਵਾਸਤਾ ਹੁੰਦਾ ਹੈ ਜਿਸ ਕਰਕੇ ਲੋਕਾਂ ਨੂੰ ਜਾਗਰੂਕ ਕਰਨਾ ਉਨ੍ਹਾਂ ਦੀ ਮਹੱਤਵਪੂਰਨ ਜ਼ਿੰਮੇਵਾਰੀ ਹੈ ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕਾਂ ਨੂੰ ਇਹ ਜ਼ਿਮੇਂਵਾਰੀ ਹੋਰ ਵੀ ਸ਼ਿੱਦਤ ਨਾਲ ਨਿਭਾਉਣ ਦੀ ਅਪੀਲ ਕੀਤੀ।