ਸਾਬਕਾ ਉੱਪ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ’ ਦੇ ਜੋਤੀ ਜੋਤਿ ਦਿਵਸ ’ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਪੋਸਟ ਸਾਂਝੀ ਕੀਤੀ ਹੈ. ਜਿਸ ਵਿੱਚ ਉਨ੍ਹਾਂ ਲਿਖਿਆ- ਖ਼ਾਲਸਾ ਪੰਥ ਦੇ ਸਿਰਜਣਹਾਰ, ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ-ਜੋਤਿ ਦਿਵਸ ‘ਤੇ ਗੁਰੂ ਚਰਨਾਂ ‘ਚ ਸਤਿਕਾਰ ਨਾਲ ਪ੍ਰਣਾਮ। ਸਬਰ, ਸਿਦਕ ਤੇ ਸੂਰਬੀਰਤਾ ਜਿਹੇ ਗੁਣਾਂ ਨਾਲ ਭਰਪੂਰ ਗੁਰੂ ਸਾਹਿਬ ਜੀ ਦੀ ਸ਼ਖ਼ਸੀਅਤ ਇਸ ਸੰਸਾਰ ‘ਚ ਵਸਦੀ ਕੁੱਲ ਮਨੁੱਖਤਾ ਲਈ ਇੱਕ ਚਾਨਣ ਮੁਨਾਰਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ 1666 ਈਸਵੀ ਨੂੰ ਪਟਨਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਹੋਇਆ। ਸ੍ਰੀ ਗੁਰੂ ਤੇਗ ਬਹਾਦਰ ਜੀ ਉਸ ਵੇਲੇ ਸਿੱਖੀ ਦੇ ਪ੍ਰਚਾਰ ਲਈ ਦੇਸ਼ ਭਰ ਦੀ ਯਾਤਰਾ ਕਰ ਰਹੇ ਸਨ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਪਰਿਵਾਰ ਨੂੰ ਪਟਨਾ ਸਾਹਿਬ ਵਿਖੇ ਠਹਿਰਾਇਆ ਅਤੇ ਆਪ ਅੱਗੇ ਆਸਾਮ ਵੱਲ ਚੱਲੇ ਗਏ ਸਨ। ਗੁਰੂ ਜੀ ਜਦੋਂ ਢਾਕਾ (ਬੰਗਲਾਦੇਸ਼) ਵਿਖੇ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦੀ ਸੂਚਨਾ ਮਿਲੀ ਸੀ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕੇਵਲ ਕੁੱਝ ਸਾਲਾਂ ਦੀ ਹੀ ਸੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਵਾਪਸ ਆ ਕੇ ਆਪਣੇ ਪੁੱਤਰ ਤੇ ਪਰਿਵਾਰ ਨੂੰ ਸ੍ਰੀ ਆਨੰਦਪੁਰ ਸਾਹਿਬ ਬੁਲਾ ਲਿਆ ਸੀ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ, ਉਸ ਵੇਲੇ ਔਰੰਗਜੇਬ ਦਾ ਜ਼ਬਰ, ਜ਼ੁਲਮ ਤੇ ਅੱਤਿਆਚਾਰ ਸਭ ਹੱਦਾਂ ਬੰਨ੍ਹੇ ਟੱਪ ਗਿਆ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਧਰਮ ਪ੍ਰਚਾਰ ਦੌਰੇ ਲੋਕਾਂ ਵਿਚ ਢਾਰਸ ਦੇਣ ਦਾ ਕੰਮ ਕਰ ਰਹੇ ਸਨ। ਦੇਸ਼ ਦੇ ਬਾਦਸ਼ਾਹ ਔਰੰਗਜੇਬ ਨੇ ਉਸ ਵੇਲੇ ਦੇਸ਼ ਭਰ ਦੇ ਆਪਣੇ ਸਾਰੇ ਗਵਰਨਰਾਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਿੰਦੂਆਂ ਦੇ ਸਾਰੇ ਮੰਦਰ ਅਤੇ ਸਕੂਲ ਢਾਹ ਦਿੱਤੇ ਜਾਣ। ਇਨ੍ਹਾਂ ਹੁਕਮਾਂ ਨੂੰ ਸਾਰੇ ਗਵਰਨਰਾਂ ਵਲੋਂ ਬੜੀ ਸਖ਼ਤੀ ਨਾਲ ਲਾਗੂ ਕੀਤਾ ਜਾਣ ਲੱਗ ਪਿਆ। ਉਸ ਸਮੇਂ ਕਸ਼ਮੀਰ ਦਾ ਗਵਰਨਰ ਇਫ਼ਤਖ਼ਾਰ ਖ਼ਾਂ ਸੀ, ਜਿਸ ਨੇ ਬਾਦਸ਼ਾਹ ਦੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਦੀ ਅੱਤ ਹੀ ਚੁੱਕ ਲਈ। ਕਸ਼ਮੀਰ ਵਿਚ ਮੰਦਰ ਢਾਹੇ ਜਾਣ ਲੱਗੇ ਅਤੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਣ ਲੱਗ ਪਿਆ। ਜਦੋਂ ਅੱਤਿਆਚਾਰ ਸਭ ਹੱਦਾਂ ਬੰਨ੍ਹੇ ਟੱਪ ਗਿਆ ਤਾਂ ਕਸ਼ਮੀਰੀ ਪੰਡਿਤਾਂ ਦਾ ਇਕ 16 ਮੈਂਬਰੀ ਵਫਦ ਪੰਡਿਤ ਕਿਰਪਾ ਰਾਮ ਦੀ ਅਗਵਾਈ ਵਿਚ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜਾ ਤਾਂ ਜੋ ਸ੍ਰੀ ਗੁਰੂ ਤੇਗ ਬਹਾਦਰ ਜੀ ਅੱਗੇ ਇਸ ਜ਼ੁਲਮ ਦੇ ਵਿਰੁੱਧ ਫਰਿਆਦ ਕੀਤੀ ਜਾ ਸਕੇ।
7 ਅਕਤੂਬਰ 1708 ਈਸਵੀਂ ਨੂੰ ਗੁਰੂ ਜੀ ਜੋਤੀ ਜੋਤਿ ਸਮਾ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇ ਦਿੱਤੀ। ਗੁਰੂ ਜੀ ਨੇ ਬਹੁਤ ਸਾਰੀਆਂ ਬਾਣੀਆਂ ਦੀ ਰਚਨਾ ਕੀਤੀ, ਜਿਨ੍ਹਾਂ ਵਿਚ ਜਾਪ ਸਾਹਿਬ, ਸਵੱਈਏ, ਬਚਿੱਤਰ ਨਾਟਕ, ਵਾਰ ਸ੍ਰੀ ਭਗੌਤੀ ਜੀ ਕੀ (ਚੰਡੀ ਦੀ ਵਾਰ), ਅਕਾਲ ਉਸਤਤਿ, ਜਫਰਨਾਮਾ ਦੇ ਨਾਂਅ ਵਰਣਨਯੋਗ ਹਨ।