ਪੰਜਾਬ ਵਿੱਚ ਕਾਂਗਰਸ ਨੂੰ ਜਲਦ ਹੀ ਵੱਡਾ ਝਟਕਾ ਲੱਗ ਸਕਦਾ ਹੈ । ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਪਾਰਟੀ ਨੂੰ ਅਲਵਿਦਾ ਕਹਿ ਸਕਦੇ ਹਨ। ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਵੱਲੋਂ ਜਾਰੀ ਕਾਰਨ ਦੱਸੋ ਨੋਟਿਸ ਦਾ ਸੁਨੀਲ ਜਾਖੜ ਨੇ ਕੋਈ ਜਵਾਬ ਨਹੀਂ ਦਿੱਤਾ ਹੈ। ਸੁਨੀਲ ਜਾਖੜ ਦੇ ਅਗਲੇ ਸਿਆਸੀ ਸਫਰ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਸਵਾਲ ਇਹ ਉੱਠਦਾ ਹੈ ਕਿ ਕੀ ਜਾਖੜ ਭਾਜਪਾ, ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਹੋਣਗੇ ਜਾਂ ਫ਼ਿਲਹਾਲ ਸਿਆਸੀ ਗਤੀਵਿਧੀਆਂ ਤੋਂ ਦੂਰ ਰਹਿਣਗੇ।
ਦੱਸ ਦੇਈਏ ਕਿ ਜਾਖੜ ਨੇ ਕਾਂਗਰਸ ਵੱਲੋਂ ਜਾਰੀ ਨੋਟਿਸ ਦਾ ਸੋਮਵਾਰ ਤੱਕ ਜਵਾਬ ਦੇਣਾ ਸੀ ਪਰ ਉਨ੍ਹਾਂ ਨੇ ਨਾ ਤਾਂ ਕੋਈ ਜਵਾਬ ਦਿੱਤਾ ਅਤੇ ਨਾ ਹੀ ਸਾਹਮਣੇ ਆ ਕੇ ਕੋਈ ਪ੍ਰਤੀਕਿਰਿਆ ਦਿੱਤੀ ਹੈ । ਮੰਨਿਆ ਜਾ ਰਿਹਾ ਹੈ ਕਿ ਜਾਖੜ ਪਾਰਟੀ ਦੇ ਰੁਖ ਤੋਂ ਇੰਨੇ ਨਿਰਾਸ਼ ਹਨ ਕਿ ਉਹ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਹਨ । ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਇੱਕ-ਦੋ ਦਿਨਾਂ ਵਿੱਚ ਜਾਖੜ ਆਪਣੀ ਸਥਿਤੀ ਸਪੱਸ਼ਟ ਕਰਨਗੇ । ਇਸ ਦੇ ਨਾਲ ਹੀ ਜਾਖੜ ਵੱਲੋਂ ਜਵਾਬ ਨਾ ਦਿੱਤੇ ਜਾਣ ਕਾਰਨ ਕਾਂਗਰਸ ਪਾਰਟੀ ਦੀਆਂ ਮੁਸ਼ਕਲਾਂ ਵੀ ਵਧ ਗਈਆਂ ਹਨ। ਜਾਂ ਤਾਂ ਕਾਂਗਰਸ ਸੁਨੀਲ ਜਾਖੜ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ ਜਾਂ ਅਨੁਸ਼ਾਸਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕਰੇਗੀ ।
ਜ਼ਿਕਰਯੋਗ ਹੈ ਕਿ ਕਾਂਗਰਸ ਦੇ ਸੂਬਾ ਇੰਚਾਰਜ ਹਰੀਸ਼ ਚੌਧਰੀ ਦੀ ਸ਼ਿਕਾਇਤ ‘ਤੇ ਕਾਂਗਰਸ ਦੀ ਅਨੁਸ਼ਾਸਨੀ ਕਮੇਟੀ ਨੇ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। 11 ਅਪ੍ਰੈਲ ਨੂੰ ਜਾਰੀ ਨੋਟਿਸ ਵਿੱਚ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਪਾਰਟੀ ਦੇ ਲੀਡਰ ਦੇ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਅਤੇ ਪੰਜਾਬ ਵਿੱਚ ਵਿਧਾਇਕ ਦਲ ਦਾ ਆਗੂ ਚੁਣਦੇ ਸਮੇਂ ਫਿਰਕੂ ਮਾਨਸਿਕਤਾ ਅਪਣਾਈ। ਇਸ ‘ਤੇ ਪਾਰਟੀ ਨੇ ਉਨ੍ਹਾਂ ਨੂੰ 7 ਦਿਨਾਂ ਵਿੱਚ ਜਵਾਬ ਦੇਣ ਲਈ ਕਿਹਾ ਸੀ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”