ਪਟਿਆਲਾ ਵਿੱਚ ਸੂਰਾਂ ਵਿੱਚ ਅਫਰੀਕੀ ਸਵਾਈਨ ਫਲੂ (ASF) ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਪਿੰਡ ਰਵਾਸ ਬ੍ਰਾਹਮਣ ਦੇ ਲਗਭਗ 10 ਕਿਲੋਮੀਟਰ ਦੇ ਖੇਤਰ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ। ਪ੍ਰਸ਼ਾਸਨ ਵੱਲੋਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਵੱਲੋਂ ਪਿੰਡ ਨੂੰ ਸੰਕਰਮਿਤ ਖੇਤਰ ਐਲਾਣਿਆ ਗਿਆ ਹੈ।
ਪ੍ਰਸ਼ਾਸਨ ਨੇ ਸੂਰ ਫਾਰਮਾਂ ਅਤੇ ਸਬੰਧਤ ਸਮਾਨ ਦੀ ਆਵਾਜਾਈ ‘ਤੇ ਵੀ ਤੁਰੰਤ ਪ੍ਰਭਾਵ ਨਾਲ ਪਾਬੰਦੀ ਲਗਾ ਦਿੱਤੀ ਹੈ। ਪਟਿਆਲਾ ਦੀ ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ) ਈਸ਼ਾ ਸਿੰਘਲ ਨੇ ਭਾਰਤੀ ਸਿਵਲ ਸੁਰੱਖਿਆ ਕੋਡ, 2023 ਦੀ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਤੁਰੰਤ ਪ੍ਰਭਾਵ ਨਾਲ ਖੇਤਰ ਵਿੱਚ ਆਵਾਜਾਈ ‘ਤੇ ਵੀ ਪਾਬੰਦੀਆਂ ਲਗਾਈਆਂ ਹਨ।
ਪ੍ਰਸ਼ਾਸਕੀ ਜਾਣਕਾਰੀ ਮੁਤਾਬਕ 31 ਜੁਲਾਈ ਤੋਂ 30 ਸਤੰਬਰ 2025 ਤੱਕ ਲਾਗੂ ਪਾਬੰਦੀਆਂ ਮੁਤਾਬਕ ਪ੍ਰਭਾਵਿਤ ਖੇਤਰ ਦੇ ਬਾਹਰ ਜਾਂ ਪ੍ਰਭਾਵਿਤ ਖੇਤਰ ਦੇ ਬਾਹਰ ਤੋਂ ਪ੍ਰਭਾਵਿਤ ਖੇਤਰ ਵਿੱਚ ਜ਼ਿੰਦਾ/ਮਰੇ ਸੂਰ (ਜੰਗਲੀ ਸੂਰਾਂ ਸਮੇਤ), ਸੂਰ, ਚਾਰਾ, ਖੇਤੀਬਾੜੀ ਸਮਾਨ/ਮਸ਼ੀਨਰੀ ਦੀ ਆਵਾਜਾਈ ‘ਤੇ ਪੂਰੀ ਤਰ੍ਹਾਂ ਪਾਬੰਦੀ ਹੈ।

ਰਾਸ਼ਟਰੀ ਉੱਚ ਸੁਰੱਖਿਆ ਪਸ਼ੂ ਰੋਗ ਸੰਸਥਾ, ਭੋਪਾਲ ਵੱਲੋਂ ਜਾਰੀ ਰਿਪੋਰਟਾਂ ਦੇ ਆਧਾਰ ‘ਤੇ ਏਡੀਸੀ ਵੱਲੋਂ ਜਾਰੀ ਹੁਕਮਾਂ ਮੁਤਾਬਕ, ਰਵਾਸ ਬ੍ਰਾਹਮਣ ਪਿੰਡ ਵਿੱਚ ਰਿਪੋਰਟ ਕੀਤੇ ਗਏ ਮਾਮਲੇ ਦੇ ਮੱਦੇਨਜ਼ਰ, ਬਿਮਾਰੀ ਦੇ ਕੇਂਦਰ ਤੋਂ 0 ਤੋਂ 1 ਕਿਲੋਮੀਟਰ ਦੇ ਖੇਤਰ ਨੂੰ ਸੰਕਰਮਿਤ ਖੇਤਰ ਅਤੇ 1 ਤੋਂ 10 ਕਿਲੋਮੀਟਰ ਦੇ ਖੇਤਰ ਨੂੰ ਨਿਗਰਾਨੀ ਖੇਤਰ ਐਲਾਨਿਆ ਗਿਆ ਹੈ।
ਜ਼ਿਲ੍ਹਾ ਪਸ਼ੂ ਪਾਲਣ ਵਿਭਾਗ ਵੱਲੋਂ ਅਗਲੇ ਸਰਵੇਖਣ, ਨਿਗਰਾਨੀ ਅਤੇ ਸੰਭਾਵਿਤ ਕਾਰਵਾਈ ਲਈ ਇਨ੍ਹਾਂ ਖੇਤਰਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਪਟਿਆਲਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰੀ ਨਿਰਦੇਸ਼ਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਅਤੇ ਇਸ ਬੀਮਾਰੀ ਦੇ ਫੈਲਣ ਨੂੰ ਰੋਕਣ ਵਿੱਚ ਸਹਿਯੋਗ ਕਰਨ। ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਇੱਕ ਅਜਿਹਾ ਸੰਕਰਮਣ ਹੈ ਜੋ ਘਰੇਲੂ ਅਤੇ ਜੰਗਲੀ ਸੂਰਾਂ ਨੂੰ ਪ੍ਰਭਾਵਿਤ ਕਰਦਾ ਹੈ। ਇਸ ਬਿਮਾਰੀ ਦੀ ਮੌਤ ਦਰ 100 ਫੀਸਦੀ ਹੈ ਭਾਵ ਕੋਈ ਵੀ ਸੂਰ ਇਸ ਤੋਂ ਸੰਕਰਮਿਤ ਹੋਣ ‘ਤੇ ਨਹੀਂ ਬਚਦਾ। ਅਫ਼ਰੀਕੀ ਸਵਾਈਨ ਬੁਖਾਰ ਮਨੁੱਖਾਂ ਵਿੱਚ ਨਹੀਂ ਫੈਲਦਾ। ਇਹ ਬੁਖਾਰ ਇੱਕ ਜਾਨਵਰ ਤੋਂ ਦੂਜੇ ਜਾਨਵਰ ਵਿੱਚ ਛੂਹਣ ਜਾਂ ਸਰੀਰ ਦੇ ਤਰਲ ਪਦਾਰਥ ਰਾਹੀਂ ਫੈਲਦਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ‘ਚ ਹੋਵੇਗੀ ਨਸ਼ਾ ਮੁਕਤੀ ਦੀ ਪੜ੍ਹਾਈ, CM ਮਾਨ ਅੱਜ ਇਸ ਜ਼ਿਲ੍ਹੇ ਤੋਂ ਕਰਨਗੇ ਸ਼ੁਰੂਆਤ
ਅਮਰੀਕਾ ਦੀ ਫੂਡ ਐਂਡ ਡਰੱਗ ਐਸੋਸੀਏਸ਼ਨ (FDA) ਮੁਤਾਬਕ ਸੂਰਾਂ ਨੂੰ ਕੱਚਾ ਭੋਜਨ ਖੁਆਉਣ ਨਾਲ ਵੀ ਵਾਇਰਸ ਦੀ ਲਾਗ ਫੈਲ ਸਕਦੀ ਹੈ। ਅਫਰੀਕੀ ਸਵਾਈਨ ਫਲੂ ਤੋਂ ਪੀੜਤ ਸੂਰਾਂ ਵਿੱਚ ਤੇਜ਼ ਬੁਖਾਰ, ਭੁੱਖ ਦੀ ਕਮੀ, ਕਮਜ਼ੋਰੀ, ਚਮੜੀ ਵਿੱਚ ਲਾਲੀ, ਛਾਲੇ, ਦਸਤ, ਉਲਟੀਆਂ, ਖੰਘ ਅਤੇ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਲੱਛਣ ਦੇਖੇ ਜਾ ਸਕਦੇ ਹਨ।
ਅਫਰੀਕੀ ਸਵਾਈਨ ਫਲੂ ਇੱਕ ਬਹੁਤ ਹੀ ਖਤਰਨਾਕ ਛੂਤ ਵਾਲੀ ਬਿਮਾਰੀ ਹੈ, ਜਿਸ ਵਿੱਚ ਘਰੇਲੂ ਸੂਰ ਅਤੇ ਜੰਗਲੀ ਸੂਰ ਦੋਵੇਂ 5 ਤੋਂ 6 ਦਿਨਾਂ ਦੇ ਅੰਦਰ ਮਰ ਜਾਂਦੇ ਹਨ। ਇਸ ਬਿਮਾਰੀ ਵਿੱਚ ਮੌਤ ਦਰ 100 ਪ੍ਰਤੀਸ਼ਤ ਹੈ।
ਵੀਡੀਓ ਲਈ ਕਲਿੱਕ ਕਰੋ -:
























