Three Jalandhar youths : ਜਲੰਧਰ : ਅਫਰੀਕੀ ਵੈਸਟ ਘਾਣਾ ਦੇ ਸ਼ਹਿਰ ਆਖਰਾ ‘ਚ ਫਸੇ ਜਲੰਧਰ ਦੇ ਤਿੰਨ ਨੌਜਵਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਗੁਹਾਰ ਲਗਾਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਨ੍ਹਾਂ ਨੌਜਵਾਨਾਂ ਦੀ ਵੀਡੀਓ ‘ਚ ਜਲੰਧਰ ਦੇ ਸ਼ਮਸ਼ੇਰ ਖਾਸ ਨਿਵਾਸੀ ਜਗਤਾਰ ਸਿੰਘ ਉਰਫ ਤਾਰਾ ਨੇ ਕਿਹਾ ਕਿ ਲਗਭਗ ਸਵਾ ਸਾਲ ਪਹਿਲਾਂ ਪਿੰਡ ਧੀਨਾ ਦੇ ਟ੍ਰੈਵਲ ਏਜੰਟ ਪੀਟਰ ਨੂੰ ਉਨ੍ਹਾਂ ਨੇ ਪੁਰਤਗਾਲ ਜਾਣ ਲਈ 12-12 ਲੱਖ ਰੁਪਏ ਦਿੱਤੇ ਸਨ। ਪੀਟਰ ਨੇ ਕਿਹਾ ਸੀ ਕਿ ਉਹ ਉਨ੍ਹਾਂ ਨੂੰ ਪਹਿਲਾਂ ਆਖਰਾ ਭੇਜੇਗਾ ਫਿਰ ਅੱਗੇ ਪੁਰਤਗਾਲ ਭੇਜਿਆ ਜਾਵੇਗਾ ਪਰ ਉਹ ਆਖਰਾ ‘ਚ ਹੀ ਫਸੇ ਹੋਏ ਹਨ। ਹੁਣ ਉਨ੍ਹਾਂ ਕੋਲ ਪੈਸੇ ਖਤਮ ਹੋ ਗਏ ਹਨ ਤੇ ਉਨ੍ਹਾਂ ਦੇ ਪਾਸਪੋਰਟ ਆਖਰਾ ‘ਚ ਮਕਾਨ ਮਾਲਕਾਂ ਨੇ ਜ਼ਬਤ ਕਰ ਲਏ ਹਨ।
ਨੌਜਵਾਨਾਂ ਨੇ ਦੱਸਿਆ ਕਿ ਹੁਣ ਉਨ੍ਹਾਂ ਨੂੰ ਮਕਾਨ ਮਾਲਕਾਂ ਨੇ 15 ਦਿਨ ਦਾ ਮਸਾਂ ਦੇ ਕੇ 300 ਡਾਲਰ ਕਿਰਾਇਆ ਦੇਣ ਨੂੰ ਕਿਹਾ ਹੈ ਨਹੀਂ ਤਾਂ ਉਹ ਉਨ੍ਹਾਂ ਨੂੰ ਪੁਲਿਸ ਨੂੰ ਦੇ ਦੇਣਗੇ। ਵੀਡੀਓ ਜਾਰੀ ਕਰਕੇ ਪੀੜਤ ਨੌਜਵਾਨਾਂ ਨੇ ਸੰਸਦ ਮੈਂਬਰ ਭਗਵੰਤ ਮਾਨ, ਜਲੰਧਰ ਕੈਂਟ ਦੇ ਵਿਧਾਇਕ ਪ੍ਰਗਟ ਸਿੰਘ ਤੋਂ ਉਨ੍ਹਾਂ ਨੂੰ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ। ਵਿਧਾਇਕ ਪ੍ਰਗਟ ਸਿੰਘ ਨੇ ਪੀੜਤ ਨੌਜਵਾਨਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ।