ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਮ ਨਹੀਂ ਲੈ ਰਹੀਆਂ ਹਨ । ਸੋਮਵਾਰ ਨੂੰ ਵਿਜੀਲੈਂਸ ਬਿਊਰੋ ਦੇ ਫਤਿਹਗੜ੍ਹ ਸਾਹਿਬ ਦੇ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਧਰਮਸੋਤ ਦੀ ਜਾਇਦਾਦ ਦਾ ਜਾਇਜ਼ਾ ਲੈਣ ਲਈ ਉਨ੍ਹਾਂ ਦੇ ਘਰ ਦੀ ਮਿਣਤੀ ਕੀਤੀ ਗਈ । ਸੰਧੂ ਨੇ ਦੱਸਿਆ ਕਿ ਜਾਇਦਾਦ ਦੀ ਅਸੈਸਮੈਂਟ ਲਈ ਮਿਣਤੀ ਕੀਤੀ ਜਾ ਰਹੀ ਹੈ। ਇਸ ਮੌਕੇ ਐਕਸੀਅਨ ਸੁਰੇਸ਼ ਕੁਮਾਰ, ਐਸਡੀਓ ਅੰਮ੍ਰਿਤਪਾਲ ਸਿੰਘ, ਲਲਿਤ ਮਿੱਤਲ, ਜੇਈ ਭੁਪਿੰਦਰ ਸਿੰਘ, ਏਐਸਆਈ ਦਲਵਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।
ਜ਼ਿਕਰਯੋਗ ਹੈ ਕਿ ਸਾਧੂ ਸਿੰਘ ਧਰਮਸੋਤ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਵੱਲੋਂ 7 ਜੂਨ ਨੂੰ ਦਰੱਖਤਾਂ ਦੀ ਕਟਾਈ ਅਤੇ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ । ਧਰਮਸੋਤ ‘ਤੇ ਰਿਸ਼ਵਤ ਦੇ ਬਦਲੇ ਰੁੱਖਾਂ ਨੂੰ ਕੱਟਣ ਦੀ ਇਜਾਜ਼ਤ ਦੇਣ ਦਾ ਦੋਸ਼ ਸੀ । ਇਸ ਦੌਰਾਨ ਵਿਜੀਲੈਂਸ ਵੱਲੋਂ ਉਨ੍ਹਾਂ ਦੇ ਨਾਲ ਇੱਕ ਪੱਤਰਕਾਰ ਸਣੇ ਕੁਝ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ । 13 ਜੂਨ ਨੂੰ ਮੋਹਾਲੀ ਅਦਾਲਤ ਨੇ ਉਸ ਨੂੰ ਕੇਸ ਵਿੱਚ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਸ਼ੂਟਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਨੇ ਕੀਤੀ ਪ੍ਰੈੱਸ ਕਾਨਫਰੰਸ, ਕੀਤੇ ਕਈ ਅਹਿਮ ਖੁਲਾਸੇ
ਦੱਸ ਦੇਈਏ ਕਿ CM ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ਼ ਸਖਤ ਕਦਮ ਚੁੱਕੇ ਜਾ ਰਹੇ ਹਨ। ਮਾਨ ਸਰਕਾਰ ਨੇ ਨਾ ਸਿਰਫ ਸਾਬਕਾ ਮੰਤਰੀਆਂ ‘ਤੇ ਸ਼ਿਕੰਜਾ ਕੱਸਿਆ ਹੋਇਆ ਹੈ, ਬਲਕਿ ਆਪਣੀ ਹੀ ਸਰਕਾਰ ਦੇ ਮੰਤਰੀਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ । ਗੌਰਤਲਬ ਹੈ ਕਿ ਮਾਨ ਸਰਕਾਰ ਵੱਲੋਂ ਆਪਣੀ ਹੀ ਕੈਬਨਿਟ ਦੇ ਮੰਤਰੀ ਡਾ. ਵਿਜੇ ਸਿੰਗਲਾ ਨੂੰ ਇੱਕ ਫੀਸਦੀ ਕਮਿਸ਼ਨ ਤੈਅ ਕਰਨ ਦੇ ਦੋਸ਼ ਵਿੱਚ ਬੀਤੀ 24 ਮਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।
ਵੀਡੀਓ ਲਈ ਕਲਿੱਕ ਕਰੋ -: