ਜਲੰਧਰ ਦਿਹਾਤੀ ਦੇ ਕਿਸ਼ਨਗੜ੍ਹ ਇਲਾਕੇ ਵਿੱਚ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਾਲਜ ਪ੍ਰਿੰਸੀਪਲ ਦੇ ਅਹੁਦੇ ਨੂੰ ਲੈ ਕੇ ਹੋਏ ਝਗੜੇ ਨੇ ਹਿੰਸਕ ਰੂਪ ਧਾਰ ਲਿਆ। ਰਿਪੋਰਟਾਂ ਮੁਤਾਬਕ ਇੱਕ ਪੈਟਰੋਲ ਪੰਪ ਦੇ ਬਾਹਰ ਅਚਾਨਕ ਗੋਲੀਆਂ ਚੱਲਣ ਨਾਲ ਹਫੜਾ-ਦਫੜੀ ਮਚ ਗਈ। ਗੋਲੀਬਾਰੀ ਵਿੱਚ ਦੋ ਲੋਕ ਗੰਭੀਰ ਜ਼ਖਮੀ ਹੋ ਗਏ। ਇੱਕ ਵਿਅਕਤੀ ਦੀ ਛਾਤੀ ਵਿੱਚ ਗੋਲੀ ਲੱਗੀ ਹੈ, ਜਦੋਂ ਕਿ ਦੂਜੇ ਦੇ ਮੋਢੇ ਵਿੱਚ ਗੋਲੀ ਲੱਗੀ ਹੈ। ਦੋਵਾਂ ਜ਼ਖਮੀਆਂ ਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਚਸ਼ਮਦੀਦਾਂ ਮੁਤਾਬਕ ਹਮਲਾਵਰ ਦੋ ਕਾਰਾਂ ਵਿੱਚ ਆਏ ਅਤੇ 10 ਤੋਂ 15 ਰਾਊਂਡ ਫਾਇਰ ਕਰਕੇ ਫਰਾਰ ਹੋ ਗਏ। ਘਟਨਾ ਵੇਲੇ ਪੈਟਰੋਲ ਪੰਪ ਦੇ ਦਫਤਰ ਵਿਚ ਮੌਜੂਦ ਕਰਮਚਾਰੀ ਅਤੇ ਪੰਪ ਮਾਲਕ ਖਾਣਾ ਖਾ ਰਹੇ ਸਨ, ਜਿਸ ਨਾਲ ਉਹ ਵਾਲ-ਵਾਲ ਬਚ ਗਏ। ਫਾਇਰਿੰਗ ਦੀ ਵਾਰਦਾਤ ਨਾਲ ਪੰਪ ਕਰਮਚਾਰੀਆਂ ਵਿਚ ਦਹਿਸ਼ਤ ਫੈਲ ਗਈ।
ਇਹ ਵੀ ਪੜ੍ਹੋ : ਮੁਅੱਤਲ DIG ਭੁੱਲਰ ਨੂੰ ਵੱਡਾ ਝਟਕਾ! ਸੁਪਰੀਮ ਕੋਰਟ ਨੇ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਕੀਤਾ ਇਨਕਾਰ
ਸੂਚਨਾ ਮਿਲਣ ‘ਤੇ ਅਲਾਵਲਪੁਰ ਪੁਲਿਸ, ਆਦਮਪੁਰ ਪੁਲਿਸ ਸਟੇਸ਼ਨ ਅਤੇ ਡੀਐਸਪੀ ਕਰਤਾਰਪੁਰ ਮੌਕੇ ‘ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਮੁਆਇਨਾ ਕੀਤਾ। ਪੁਲਿਸ ਨੇ ਪੈਟਰੋਲ ਪੰਪ ਦਫ਼ਤਰ ਤੋਂ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲੈਣਗੇ।
ਵੀਡੀਓ ਲਈ ਕਲਿੱਕ ਕਰੋ -:
























