Young man commits : ਹੁਸ਼ਿਆਰਪੁਰ ਵਿਖੇ ਅੱਜ ਇੱਕ ਨੌਜਵਾਨ ਨੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਕਸਬਾ ਦਸੂਹਾ ਦੇ ਜਲੰਧਰ ਰੋਡ ‘ਤੇ ਰਹਿਣ ਵਾਲੇ 35 ਸਾਲਾ ਮੁਨੀਸ਼ ਡਡਵਾਲ ਵਜੋਂ ਹੋਈ ਹੈ। ਪਤਾ ਲੱਗਾ ਹੈ ਕਿ ਉਹ ਆਪਣੀ ਕੰਪਨੀ ਦੇ ਮੈਨੇਜਰ ਤੋਂ ਪ੍ਰੇਸ਼ਾਨ ਸੀ ਜੋ ਪੈਸਿਆਂ ਦੇ ਲੈਣ-ਦੇਣ ਨੂੰ ਲੈਕੇ ਉਸ ‘ਤੇ ਦਬਾਅ ਬਣਾ ਰਿਹਾ ਸੀ। ਆਤਮਹੱਤਿਆ ਤੋਂ ਪਹਿਲਾਂ ਨੌਜਵਾਨ ਨੇ ਵ੍ਹਟਸਐਪ ‘ਤੇ ਆਪਣੀ ਲਾਈਵ ਲੋਕੇਸ਼ਨ ਵੀ ਭੇਜੀ ਤੇ ਇਸ ਖੌਫਨਾਕ ਕਦਮ ਲਈ ਮੁਆਫੀ ਵੀ ਮੰਗੀ। ਸੂਚਨਾ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੌਕੇ ‘ਤੇ ਪੁੱਜ ਕੇ ਪਰਿਵਾਰਕ ਮੈਂਬਰਾਂ ਨੇ ਉਸ ‘ਤੇ ਝੂਠਾ ਕੇਸ ਦਰਜ ਕਰਵਾਏ ਜਾਣ ਦਾ ਦੋਸ਼ ਵੀ ਉਸ ਦੇ ਮੈਨੇਜਰ ‘ਤੇ ਲਗਾਇਆ ਹੈ।
ਜਾਣਕਾਰੀ ਮੁਤਾਬਕ ਉਕਤ ਨੌਜਵਾਨ ਇੱਕ ਫੂਡ ਕੰਪਨੀ ‘ਚ ਕੰਮ ਕਰਦਾ ਸੀ। ਉਸ ‘ਤੇ ਕੰਪਨੀ ਵੱਲੋਂ ਧੋਖਾ ਕਰਨ ਦੇ ਦੋਸ਼ ਲਗਾਏ ਗਏ ਸਨ ਅਤੇ ਉਸ ਖਿਲਾਫ ਕੰਪਨੀ ਦੇ ਮੈਨੇਜਰ ਨੇ ਇੱਕ ਝੂਠਾ ਪਰਚਾ ਵੀ ਦਰਜ ਕਰਵਾਇਆ ਸੀ ਤੇ ਉਸ ਨਾਲ ਮਾਰਕੁੱਟ ਵੀ ਕੀਤੀ ਗਈ, ਜਿਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿਣ ਲੱਗਾ ਸੀ। ਮੰਗਲਵਾਰ ਨੂੰ ਮਨੀਸ਼ ਨੇ ਆਪਣੇ ਪਰਿਵਾਰ ਨੂੰ ਇੱਕ ਵ੍ਹਟਸਐਪ ਮੈਸੇਜ ਭੇਜਿਆ ਜਿਸ ‘ਚ ਉਸ ਨੇ ਆਪਣੀ ਲਾਈਵ ਲੋਕੇਸ਼ਨ ਭੇਜਦੇ ਹੋਏ ਆਤਮਹੱਤਿਆ ਵਰਗੇ ਕਦਮ ਲਈ ਪਰਿਵਾਰ ਤੋਂ ਮੁਆਫੀ ਵੀ ਮੰਗੀ।
ਇਸ ਤੋਂ ਬਾਅਦ ਪਰਿਵਾਰ ਨੇ ਉਸ ਦੀ ਭਾਲ ਕੀਤੀ ਤਾਂ ਦਸੂਹਾ ਦੇ ਨੇੜੇ ਸ਼ਕਤੀ ਹਾਊਸ ‘ਚ ਨਹਿਰ ਕੋਲੋਂ ਉਸ ਦੀ ਲਾਸ਼ ਬਰਾਮਦ ਕੀਤੀ ਗਈ। ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਤੇ ਪੁਲਿਸ ਦੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਦੇ ਲੋਕਾਂ ਦੇ ਬਿਆਨਾਂ ਦੇ ਆਧਾਰ ‘ਤੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।