vini mahajan orders for ripening chamber: ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸ਼ੁੱਕਰਵਾਰ ਨੂੰ ਫਲ ਮੰਡੀਆਂ ਵਿਚ ਆਰਟੀਫੀਸ਼ਲ ਰਾਈਪਨਿੰਗ ਚੈਂਬਰ(ਮਸਨੂਈ ਢੰਗ ਨਾਲ ਫਲ ਪਕਾਉਣ ਵਾਲਾ ਚੈਂਬਰ) ਸਥਾਪਿਤ ਕਰਨ, ਖਾਣਿਆਂ ਵਿਚ ਮਿਲਾਵਟਖੋਰੀ ਖਿ਼ਲਾਫ਼ ਕਈ ਢੁਕਵੇਂ ਉਪਾਅ ਕਰਨ ਅਤੇ ਸ਼ੁਰੂ ਤੋਂ ਹੀ ਬੱਚਿਆਂ ਦੀ ਖੁਰਾਕ ਵਿੱਚ ਚੀਨੀ, ਨਮਕ ਅਤੇ ਤੇਲ ਦੀ ਕਟੌਤੀ ਕਰਨ ਸਬੰਧੀ ਐਲਾਨ ਕੀਤਾ ਤਾਂ ਜੋ ਪੰਜਾਬ ਦੇ ਵਸਨੀਕਾਂ ਨੂੰ ਮਿਲਾਵਟ ਰਹਿਤ ਸਿਹਤਮੰਦ ਭੋਜਨ ਅਤੇ ਖੁਰਾਕ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।
ਮੁੱਖ ਸਕੱਤਰ ਨੇ ਅਧਿਕਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਨੂੰ ਦਬੋਚਣ ਲਈ ਪੁਲਿਸ ਵਿਭਾਗ ਤੋਂ ਸਹਾਇਤਾ ਲੈਣ। ਉਹਨਾਂ ਨੇ ਖੁਰਾਕ ਅਤੇ ਡਰੱਗਜ਼ ਪ੍ਰਬੰਧਨ (ਐਫ.ਡੀ.ਏ) ਨੂੰ ਇੰਟੀਗਰੇਟਡ ਚਾਈਲਡ ਡਿਵੈਲਪਮੈਂਟ ਸਰਵਿਸਿਜ਼ (ਆਈ.ਸੀ.ਡੀ.ਐਸ. / ਐਮਡੀਐਮ) ਅਧੀਨ ਬੱਚਿਆਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਖੁਰਾਕ ਮੁਹੱਈਆ ਕਰਵਾਉਣ ਲਈ ਇਸਤਰੀ ਅਤੇ ਬਾਲ ਵਿਕਾਸ, ਸਕੂਲ ਸਿੱਖਿਆ ਅਤੇ ਖੁਰਾਕ ਤੇ ਜਨਤਕ ਵੰਡ ਵਿਭਾਗਾਂ ਨਾਲ ਮਿਲ ਕੇ ਕੰਮ ਕਰਨ ਦਾ ਸੁਝਾਅ ਦਿੱਤਾ।
ਕੈਲਸ਼ੀਅਮ ਕਾਰਬਾਈਡ ਦੀ ਵਰਤੋਂ ਨਾਲ ਫਲਾਂ ਨੂੰ ਨਕਲੀ ਢੰਗ ਨਾਲ ਪਕਾਉਣ ਦੇ ਰੁਝਾਨ ਨੂੰ ਠੱਲ ਪਾਉਣ ਲਈ ਸ੍ਰੀਮਤੀ ਮਹਾਜਨ ਨੇ ਰਾਜ ਦੀਆਂ ਫਲ ਮੰਡੀਆਂ ਵਿੱਚ ਆਰਟੀਫੀਸ਼ੀਅਲ ਰਾਈਪਨਿੰਗ ਚੈਂਬਰ ਸਥਾਪਤ ਕਰਨ ‘ਤੇ ਜ਼ੋਰ ਦਿੱਤਾ ਅਤੇ ਸਬੰਧਤ ਵਿਭਾਗਾਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਵਿਕਸਤ ਕਰਨ ਅਤੇ ਫਲਾਂ ਦੀ ਵਿਕਰੀ ਅਤੇ ਖਰੀਦ ਵਿਚ ਸ਼ਾਮਲ ਵਿਅਕਤੀਆਂ ਨੂੰ ਅਜਿਹੀਆਂ ਸਹੂਲਤਾਂ ਪ੍ਰਤੀ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨੇ ਸੁਝਾਅ ਦਿਤਾ ਕਿ ਭੋਜਨ ਵਿਚ ਮਿਲਾਵਟ ਕਰਨ ਵਾਲਿਆਂ ਨੂੰ ਫੜਨ ਲਈ ਖੁਫੀਆ ਵਿੰਗ ਤੋਂ ਪ੍ਰਾਪਤ ਜਾਣਕਾਰੀ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਪਹਿਲਾਂ ਖੁਰਾਕ ਤੇ ਡਰੱਗਜ਼ ਪ੍ਰਬੰਧਨ ਦੇ ਕਮਿਸ਼ਨਰ ਸ੍ਰੀ ਕੁਮਾਰ ਰਾਹੁਲ ਨੇ ਮੀਟਿੰਗ ਦੇ ਏਜੰਡੇ ਬਾਰੇ ਦੱਸਿਆ, ਜਿਸ ਵਿੱਚ ਫੂਡ ਬਿਜ਼ਨਸ ਓਪਰੇਟਰਾਂ ਦੀ ਰਜਿਸਟ੍ਰੇਸ਼ਨ / ਲਾਇਸੈਂਸ ਅਤੇ ਰਾਜ ਵਿੱਚ ਭੋਜਨ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਫੂਡ ਸੇਫਟੀ ਵਿੰਗ ਵੱਲੋਂ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਸ਼ਾਮਲ ਹਨ।