ਦਿਨੋਂ ਦਿਨ ਵੱਧ ਰਿਹਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਲੋਕ ਲਹਿਰ ਚਲਾਉਣ ਤਾਂ ਜੋ ਗੁਰੂਆਂ ਪੀਰਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਨੂੰ ਹਮੇਸ਼ਾਂ ਲਈ ਪਰਾਲੀ ਨੂੰ ਅੱਗ ਲਗਾਉਣ ਦੀ ਪ੍ਰਥਾ ਤੋਂ ਨਿਜਾਤ ਦਿਵਾਈ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਪਿੰਡ ਸਾਧੂਗੜ੍ਹ ਵਿਖੇ ਕਿਸਾਨਾਂ ਨੂੰ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਾਗਰੂਕ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨ ਨੇ ਹਮੇਸ਼ਾਂ ਦੇਸ਼ ਦੇ ਹੋਰਨਾਂ ਕਿਸਾਨਾਂ ਦੀ ਅਗਵਾਈ ਕਰਕੇ ਸੂਬੇ ਦੀ ਖੇਤੀ ਨੂੰ ਇੱਕ ਨਵੀਂ ਦਿੱਖ ਪ੍ਰਦਾਨ ਕੀਤੀ ਹੈ ਅਤੇ ਅੱਜ ਲੋੜ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਦੀ ਸੁਚੱਜੀ ਵਰਤੋਂ ਲਈ ਅੱਗੇ ਆਉਣ ਤਾਂ ਜੋ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰਤ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਦੀ ਸੁਚੱਜੀ ਵਰਤੋਂ ਲਈ ਕਿਸਾਨ ਗਰੁੱਪਾਂ ਤੇ ਸਹਿਕਾਰੀ ਸਭਾਵਾਂ ਨੂੰ ਸਰਕਾਰ ਵੱਲੋਂ ਹੈਪੀ ਸੀਡਰ, ਰੋਟਾਵੇਟਰ, ਮਲਚਰ, ਉਲਟਾਂਵਾ ਹੱਲ, ਸੁਪਰ ਸੀਡਰ ਅਤੇ ਬੇਲਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ 80 ਫੀਸਦੀ ਤੱਕ ਸਬਸਿਡੀ ’ਤੇ ਦਿੱਤੀਆਂ ਜਾ ਰਹੀਆਂ ਹਨ। ਜਿਥੋਂ ਕਿਸਾਨ ਕਿਰਾਏ ’ਤੇ ਲੈ ਕੇ ਇਨ੍ਹਾਂ ਦੀ ਵਰਤੋਂ ਕਰ ਸਕਦੇ ਹਨ। ਇਸ ਤੋਂ ਇਲਾਵਾ ਢਾਈ ਏਕੜ ਤੱਕ ਜ਼ਮੀਨ ਦੇ ਮਾਲਕ ਛੋਟੇ ਕਿਸਾਨ ਸਹਿਕਾਰੀ ਸਭਾਵਾਂ ਰਾਹੀਂ ਮੁਫਤ ਵਿੱਚ ਵੀ ਇਸ ਮਸ਼ੀਨਰੀ ਦੀ ਵਰਤੋਂ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸੁਚੱਜੀ ਵਰਤੋਂ ਲਈ ਜਿਸ ਤਰ੍ਹਾਂ ਸਬਸਿਡੀ ’ਤੇ ਖੇਤੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਹਨ। ਉਥੇ ਹੁਣ ਕਿਸਾਨਾਂ ਦੀ ਵਾਰੀ ਹੈ ਅਤੇ ਉਹ ਅੱਗੇ ਆ ਕੇ ਇਸ ਮਸ਼ੀਨਰੀ ਦੀ ਵਰਤੋਂ ਕਰਕੇ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਲਈ ਅੱਗੇ ਆਉਣ। ਸ਼੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਸਾਡੇ ਗੁਰੂਆਂ-ਪੀਰਾਂ ਨੇ ਪੌਣ ਪਾਣੀ ਨੂੰ ਸਵੱਛ ਬਣਾਉਣ ’ਤੇ ਜ਼ੋਰ ਦਿੱਤਾ ਹੈ।
ਉਸੇ ਤਰ੍ਹਾਂ ਅੱਜ ਸਮੇਂ ਦੀ ਮੰਗ ਹੈ ਕਿ ਪੰਜਾਬ ਦੀ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਪਰਾਲੀ ਨੂੰ ਅੱਗ ਲਗਾਉਣ ਤੋਂ ਹਮੇਸ਼ਾਂ ਲਈ ਕਿਨਾਰਾ ਕੀਤਾ ਜਾਵੇ ਕਿਉਂਕਿ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਗੱਲ ਦਾ ਪ੍ਰਣ ਲੈਣਾ ਹੋਵੇਗਾ ਕਿ ਅਸੀਂ ਜਿਥੇ ਆਪ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ ਕਰਾਂਗੇ ਉਥੇ ਹੀ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਕਰਨ ਲਈ ਜਾਗਰੂਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿ਼ਲ੍ਹੇ ਦੇ ਖੇਤੀਬਾੜੀ ਤੇ ਸਹਿਕਾਰਤਾ ਵਿਭਾਗ ਵੱਲੋਂ ਹੁਣ ਤੱਕ ਪਰਾਲੀ ਦੀ ਸੁਚੱਜੀ ਵਰਤੋਂ ਲਈ ਕੁੱਲ 2077 ਵੱਖ-ਵੱਖ ਖੇਤੀ ਮਸ਼ੀਨਰਾਂ ਵਿਅਕਤੀਗਤ ਕਿਸਾਨਾਂ, ਕਿਸਾਨ ਗਰੁੱਪਾਂ ਤੇ ਸਹਿਕਾਰੀ ਸਭਾਵਾਂ ਨੂੰ ਮੁਹੱਈਆ ਕਰਵਾਏ ਗਏ ਹਨ। ਜਿਨ੍ਹਾਂ ਵਿੱਚ 293 ਹੈਪੀ ਸੀਡਰ, 317 ਸੁਪਰ ਸੀਡਰ, 420 ਸੁਪਰ ਐਸ.ਐਮ.ਐਸ., 214 ਉਲਟਾਵੇ ਹਲ, 176 ਚੌਪਰ, 245 ਮਲਚਰ, 154 ਜੀਰੋ ਟਿੱਲ ਡਰਿੱਲ, 09 ਬੇਲਰ, 06 ਰੈਕ, 04 ਸਰਵ ਮਾਸਟਰ, 299 ਰੋਟਾਵੇਟਰ, 10 ਸਲੈਸ਼ਰ ਸਬਸਿਡੀ ’ਤੇ ਮੁਹੱਈਆ ਕਰਵਾਏ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਅਗਾਹ ਵਧੂ ਕਿਸਾਨ ਸੁਰਜੀਤ ਸਿੰਘ ਸਾਧੂਗੜ੍ਹ ਨੇ ਕਿਸਾਨਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਦਮੀ ਪਸ਼ੂ ਪੰਛੀਆਂ ਦੀ ਜਾਨ ਬਚਾਉਣ ਲਈ ਪਿਛਲੇ 20 ਸਾਲ ਤੋ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਈ ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਜੇਕਰ ਅਸੀਂ ਏਦਾਂ ਹੀ ਪਰਾਲੀ ਨੂੰ ਅੱਗ ਲਗਾਉਣ ਦੇ ਗਏ ਉਹ ਦੂਰ ਨਹੀਂ ਜਦੋਂ ਵਾਤਾਵਰਨ ਖਰਾਬ ਹੋ ਜਾਵੇਗਾ ਫਿਰ ਭਿਆਨਕ ਬਮਾਰੀਆਂ ਲੱਗ ਜਾਣਗੀਆਂ। ਉਹਨਾਂ ਹੈਰਾਨੀ ਜਨਕ ਵਾਧਾ ਕੀਤਾ ਹੈ ਕਿ ਕੱਦੂ ਕਰਨ ਦੇ ਨਾਲ ਬਹੁਤ ਭਿਆਨਕ ਮਿਥੈਨ ਗੈਸ ਪੈਦਾ ਹੁੰਦੀ ਹੈ ਜੋ ਕਿ ਪਰਾਲੀ ਦੇ ਧੂੰਏਂ ਤੋਂ ਵੀ ਖਤਰਨਾਕ ਹੈ ਅਤੇ ਵਾਤਾਵਰਨ ਨੂੰ ਖਰਾਬ ਕਰਦੀ ਹੈ। ਇਸ ਨਾਲ ਵਿਅਕਤੀਆਂ ਅਤੇ ਜਾਨਵਰਾਂ ਨੂੰ ਭਿਆਨਕ ਬਿਮਾਰੀਆਂ ਲੱਗਦੀਆਂ ਹਨ। ਉਨ੍ਹਾਂ ਦੱਸਿਆ ਝੋਨੇ ਵਿੱਚ ਕੱਦੂ ਕਰਨਾ ਬੰਦ ਕਰ ਦਿੱਤਾ ਜਾਵੇ ਨਾ ਮੀਥੇਨ ਗੈਸ ਪੈਦਾ ਹੋ ਗਈ ਤੇ ਨਾਂ ਹੀ ਪਰਾਲੀ ਨੂੰ ਅੱਗ ਲਾਉਣ ਦੀ ਲੋੜ ਪਵੇਗੀ। ਉਨ੍ਹਾਂ ਦੱਸਿਆ ਜੇਕਰ ਪਰਾਲੀ ਨੂੰ ਖੇਤਾਂ ਵਿੱਚ ਕੁਤਰਿਆ ਜਾਵੇ ਤਾਂ ਗੰਡੋਏ ਇਸਨੂੰ ਖਾ ਜਾਂਦੇ ਹਨ। ਗੰਡੋਏ ਧਰਤੀ ਵਿਚ ਤਾਂ ਹੋਣਗੇ ਜੇਕਰ ਕੱਦੂ ਕਰਨਾ ਬੰਦ ਕੀਤਾ ਜਾਵੇ। ਉਨ੍ਹਾਂ ਇਹ ਵੀ ਦੱਸਿਆ ਕਿ ਜੇਕਰ ਕੱਦੂ ਬਿਨਾ ਚੂਨਾ ਲਗਾਇਆ ਜਾਵੇ ਧਰਤੀ ਦੇ ਪਾਣੀ ਦਾ ਪੱਧਰ ਵੀ ਉੱਚਾ ਹੋ ਜਾਵੇਗਾ।
ਇਸ ਮੌਕੇ ਡਾਕਟਰ ਦਲੇਰ ਸਿੰਘ ਤੇ ਡਾਕਟਰ ਬੁਟਾਰੀ ਨੇ ਪੰਜਾਬ ਦੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਕੱਦੂ ਕਰਕੇ ਝੋਨਾ ਲਗਾਉਣਾ ਬੰਦ ਕਰ ਦੇਵੋ ਤਾਂ ਜੋ ਪੰਜਾਬ ਨੂੰ ਭਿਆਨਕ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਹੈ ਕਿ ਜਿਹੜੀ ਪਾਣੀ ਦੀ ਸਮੱਸਿਆ ਉਹ ਵੀ ਹੱਲ ਹੋ ਜਾਵੇਗੀ ਤੇ ਪਾਣੀ ਦਾ ਪੱਧਰ ਵੀ ਉੱਚਾ ਹੋ ਜਾਵੇਗਾ। ਉਨ੍ਹਾਂ ਕਿਹਾ ਜਿਹੜੇ ਕਿਸਾਨਾਂ ਨੇ ਸੁੱਕੇ ਕੱਦ ਵਾਲਾ ਚੂਨਾ ਲਗਾਇਆ ਹੈ ਉਨ੍ਹਾਂ ਦੇ ਝੋਨੇ ਨੂੰ ਨਾ ਤਾਂ ਕੋਈ ਬਿਮਾਰੀ ਪਈ ਹੈ ਤੇ ਨਾਲ ਹੀ ਝੋਨੇ ਦਾ ਝਾੜ ਵਧ ਨਿਕਲਿਆ ਹੈ। ਇਸ ਮੌਕੇ ਸ਼ਿਵਕੰਵਰ ਸਿੰਘ ਸੰਧੂ ਨੇ ਅਗਾਹ ਵਧੂ ਕਿਸਾਨ ਸਰਜੀਤ ਸਿੰਘ ਸਾਧੂਗੜ੍ਹ ਦੀ ਤਰੀਫ ਕਰਦਿਆਂ ਕਿਹਾ ਇਹਨਾਂ ਨੇ ਧਰਤੀ ਤੇ ਵਾਤਾਵਰਣ ਨੂੰ ਬਚਾਉਣ ਲਈ ਪਿਛਲੇ ਕਈ ਸਾਲਾਂ ਤੋਂ ਝੋਨੇ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣੀ ਬੰਦ ਕੀਤੀ ਹੋਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਆਪਾਂ ਰਲਕੇ ਵਾਤਾਵਰਨ ਤੇ ਪਾਣੀ ਦੇ ਪੱਧਰ ਨੂੰ ਬਚਾਈਏ। ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਸ਼੍ਰੀ ਹਿਮਾਂਸ਼ੂ ਗੁਪਤਾ, ਬਲਾਕ ਸੰਮਤੀ ਖੇੜਾ ਦੇ ਚੇਅਰਮੈਨ ਸ਼੍ਰੀ ਗੁਰਮੇਲ ਸਿੰਘ ਰਜਿੰਦਰਗੜ੍ਹ, ਮੁੱਖ ਖੇਤੀਬਾੜੀ ਅਫਸਰ ਡਾ. ਹਰਵਿੰਦਰ ਲਾਲ, ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਸ਼੍ਰੀ ਅਵਿਤੇਸ਼ ਸਿੰਘ ਸੰਧੂ, ਖੇਤੀਬਾੜੀ ਵਿਕਾਸ ਅਫਸਰ ਖੇੜਾ ਡਾ: ਕ੍ਰਿਪਾਲ ਸਿੰਘ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਹਰਮਨਜੀਤ ਸਿੰਘ ਤੇ ਡਾ. ਜਤਿੰਦਰ ਸਿੰਘ, ਅਗਾਂਹਵਧੂ ਕਿਸਾਨ ਸੁਰਜੀਤ ਸਿੰਘ, ਅਮਰਿੰਦਰ ਸਿੰਘ, ਗੈਰੀ ਸਾਧੂਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।