ਚੰਡੀਗੜ: “ਸਾਡਾ ਇਤਿਹਾਸ ਲਾਸਾਨੀ ਕੁਰਬਾਨੀਆਂ ਤੇ ਸ਼ਹਾਦਤਾਂ ਨਾਲ ਭਰਿਆ ਹਨ ਜਿਨਾਂ ਵਿੱਚੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਮੁੱਚਾ ਜੀਵਨ ਸਾਡੇ ਲਈ ਪ੍ਰੇਰਨਾ ਦਾ ਸ੍ਰੋਤ ਹੈ। ਸਾਨੂੰ ਗੁਰੂ ਸਾਹਿਬਾਨ ਦੇ ਜੀਵਨ ਅਤੇ ਸਿੱਖਿਆਵਾਂ ਤੋਂ ਸੇਧ ਲੈ ਕੇ ਉਨਾਂ ਵੱਲੋਂ ਦਰਸਾਏ ਹੋਏ ਮਾਰਗ ਉਤੇ ਚੱਲਣ ਦੀ ਲੋੜ ਹੈ।” ਇਹ ਗੱਲ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਮੰਗਲਵਾਰ ਇਥੇ ਚੰਡੀਗੜ ਵਿਖੇ ਸਿੱਖਿਆ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ ਪੁਰਬ ਨੂੰ ਸਮਰਪਿਤ ਕਰਵਾਏ ਸਹਿ-ਵਿੱਦਿਅਕ ਮੁਕਾਬਲੇ ਦੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਸੰਬੋਧਨ ਕਰਦਿਆਂ ਕਹੀ।
ਸ. ਪਰਗਟ ਸਿੰਘ ਨੇ ਸਿੱਖਿਆ ਵਿਭਾਗ ਸੱਦਾ ਦਿੱਤਾ ਕਿ ਮਹਾਨ ਸਖਸ਼ੀਅਤਾਂ ਨਾਲ ਸਬੰਧਤ ਇਤਿਹਾਸਕ ਇਤਿਹਾਸਕ ਦਿਹਾੜਿਆਂ ਮੌਕੇ ਸਕੂਲੀ ਬੱਚਿਆਂ ਨੂੰ ਇਨਾਂ ਮਹਾਨ ਸਖਸ਼ੀਅਤਾਂ ਦੇ ਜੀਵਨ ਬਾਰੇ ਜਾਣੂੰ ਕਰਵਾਇਆ ਜਾਵੇ ਤਾਂ ਜੋ ਆਉਣ ਵਾਲੀ ਪੀੜੀ ਆਪਣੇ ਅਮੀਰ ਵਿਰਸੇ ਤੋਂ ਜਾਣੂੰ ਹੋ ਸਕੇ। ਗੁਰੂ ਸਾਹਿਬਾਨ ਦੀ ਦੂਰਅੰਦੇਸ਼ੀ ਸੋਚ, ਇਨਸਾਨੀਅਤ ਦਾ ਸੰਦੇਸ਼, ਸਮਰਪਣ ਭਾਵਨਾ ਅਤੇ ਕੁਰਬਾਨੀ ਤੋਂ ਸਾਨੂੰ ਸਿੱਖਣ ਦੀ ਲੋੜ ਹੈ। ਉਨਾਂ ਕਿਹਾ ਕਿ ਵਿਭਾਗ ਵੱਲੋਂ ਕਰਵਾਏ ਇਹ ਸਹਿ-ਵਿੱਦਿਅਕ ਮੁਕਾਬਲਿਆਂ ਦਾ ਮਨੋਰਥ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਕੁਰਬਾਨੀ, ਸਿੱਖਿਆਵਾਂ ਤੇ ਉਦੇਸਾਂ ਨੂੰ ਘਰ-ਘਰ ਪਹੁੰਚਾਣਾ ਸੀ। ਸਿੱਖਿਆ ਮੰਤਰੀ ਨੇ ਆਪਣੇ ਜੀਵਨ ਵਿੱਚ ਆਪਣੇ ਅਧਿਆਪਕਾਂ ਵੱਲੋਂ ਮਿਲੀ ਸੇਧ ਨੂੰ ਚੇਤੇ ਕਰਦਿਆਂ ਕਿਹਾ ਕਿ ਦੇਸ਼ ਦੇ ਨਿਰਮਾਣ ਵਿੱਚ ਸਭ ਤੋਂ ਵੱਧ ਯੋਗਦਾਨ ਅਧਿਆਪਕਾਂ ਦਾ ਹੁੰਦਾ ਹੈ ਜੋ ਨਿਰਸਵਾਰਥ ਦੂਜਿਆਂ ਦਾ ਭਵਿੱਖ ਬਣਾਉਣ ਲਈ ਹਰ ਵੇਲੇ ਤਤਪਰ ਰਹਿੰਦਾ ਹੈ। ਉਨਾਂ ਕਿਹਾ ਹਰ ਵਿਦਿਆਰਥੀ ਵਿੱਚ ਕੋਈ ਨਾ ਕੋਈ ਛੁਪੀ ਹੋਈ ਪ੍ਰਤਿਭਾ ਹੁੰਦੀ ਹੈ, ਬੱਸ ਸਿਰਫ ਲੋੜ ਹੁੰਦੀ ਹੈ ਇਸ ਨੂੰ ਪਛਾਣ ਕੇ ਨਿਖਾਰਨ ਦੀ। ਇਹ ਕੰਮ ਅਧਿਆਪਕ ਹੀ ਕਰ ਸਕਦਾ ਹੈ। ਉਨਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣਾ ਹੀ ਅਜੋਕੀ ਸਿੱਖਿਆ ਦਾ ਮੁੱਖ ਟੀਚਾ ਹੈ।
“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “ ਵੀਡੀਓ
ਸ. ਪਰਗਟ ਸਿੰਘ ਨੇ ਸਮੂਹ ਸਿੱਖਿਆ ਅਧਿਕਾਰੀਆਂ, ਸਕੂਲ ਮੁਖੀਆਂ, ਅਧਿਆਪਕਾਂ ਨੂੰ ਇਸ ਗੱਲੋਂ ਵਧਾਈ ਦਿੱਤੀ ਕਿ ਉਨਾਂ ਕੋਵਿਡ ਦੇ ਮਾੜੇ ਦੌਰ ਵਿੱਚ ਆਨਲਾਈਨ ਮੁਕਾਬਲੇ ਕਰਵਾ ਕੇ ਵੱਡੀ ਛਾਪ ਛੱਡੀ ਹੈ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਨਾਲ ਸਬੰਧਤ ਮਾਮਲਿਆਂ ਦੇ ਹੱਲ ਲਈ ਉਹ ਹਾਂ-ਪੱਖੀ ਰਵੱਈਏ ਨਾਲ ਕੰਮ ਕਰ ਰਹੇ ਹਨ ਅਤੇ ਜਿਹੜੀਆਂ ਵੀ ਵਾਜਬ ਮੰਗਾਂ ਦਾ ਹੱਲ ਹੋ ਸਕਦਾ ਹੈ, ਉਹ ਕੀਤਾ ਜਾ ਰਿਹ ਹੈ। ਉਨਾਂ ਜ਼ਿਲਾ ਸਿੱਖਿਆ ਅਫਸਰਾਂ ਨੂੰ ਆਖਿਆ ਕਿ ਵਿਭਾਗ ਨਾਲ ਸਬੰਧਤ ਜਿਹੜੇ ਮਾਮਲਿਆਂ ਦਾ ਹੱਲ ਹੇਠਲੇ ਪੱਧਰ ਉਤੇ ਹੋ ਸਕਦਾ ਹੈ, ਉਨਾਂ ਨੂੰ ਉਹ ਆਪਣੇ ਪੱਧਰ ਉਤੇ ਕਰਨ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪ੍ਰਦੀਪ ਕੁਮਾਰ ਅੱਗਰਵਾਲ ਨੇ ਕਿਹਾ ਕਿ ਕੋਰੋਨਾ ਸੰਕਟ ਕਾਰਨ ਇਹ ਸਹਿ ਵਿਦਿਅਕ ਮੁਕਾਬਲੇ ਆਨਲਾਈਨ ਕਰਵਾਏ ਗਏ ਜਿਨਾਂ ਵਿੱਚ ਰਿਕਾਰਡ 2,85,973 ਵਿਦਿਆਰਥੀਆਂ ਨੇ 11 ਵੰਨਗੀਆਂ ‘ਚ ਹਿੱਸਾ ਲਿਆ। ਇਨਾਂ ਵਿਦਿਆਰਥੀਆਂ ਵਿਚਾਲੇ ਸਬਦ ਗਾਇਨ, ਗੀਤ ਗਾਇਨ, ਕਵਿਤਾ ਉਚਾਰਨ, ਭਾਸਣ ਮੁਕਾਬਲਾ, ਸਾਜ ਵਾਦਨ, ਪੋਸਟਰ ਮੇਕਿੰਗ, ਪੇਟਿੰਗ, ਸਲੋਗਨ ਲਿਖਣ, ਸੁਲੇਖ, ਪੀਪੀਟੀ ਮੇਕਿੰਗ ਤੇ ਦਸਤਾਰਬੰਦੀ ਮੁਕਾਬਲੇ ਕਰਵਾਏ ਜੋ ਕਿ ਕਰੀਬ ਪੰਜ ਮਹੀਨੇ ਚੱਲੇ। ਡੀ.ਪੀ.ਆਈ. (ਸੈਕੰਡਰੀ ਸਿੱਖਿਆ) ਸ੍ਰੀ ਸੁਖਜੀਤ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਰਾਜ ਪੱਧਰੀ ਸਮਾਗਮ ਦੌਰਾਨ ਹਰੇਕ ਵੰਨਗੀ ‘ਚੋਂ ਪਹਿਲਾ ਇਨਾਮ ਹਾਸਲ ਕਰਨ ਵਾਲੇ ਵਿਦਿਆਰਥੀ ਨੂੰ ਇੱਕ ਟੈਬਲੈੱਟ, 1100 ਰੁਪਏ ਨਕਦ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਭੇਂਟ ਕੀਤੀ ਗਈ। ਦੂਸਰਾ ਸਥਾਨ ਕਰਨ ਵਾਲੇ ਹਰੇਕ ਵਿਦਿਆਰਥੀ ਨੂੰ ਮੋਬਾਈਲ ਫੋਨ, 1100 ਰੁਪਏ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਪ੍ਰਦਾਨ ਕੀਤੀ ਗਈ।
1.4 ਲੱਖ ਰੁਪਏ ਦੀ ਨਕਦ ਰਾਸੀ ਸਣੇ ਕੁੱਲ 11.30 ਲੱਖ ਰੁਪਏ ਦੇ ਇਨਾਮ ਦਿੱਤੇ ਗਏ। ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਡਾ. ਜਰਨੈਲ ਸਿੰਘ ਕਾਲੇਕਾ ਨੇ ਬੋਲਦਿਆਂ ਆਖਿਆ ਕਿ ਇਨਾਂ ਮੁਕਾਬਲਿਆਂ ‘ਚ ਸਾਮਲ ਵੱਖ-ਵੱਖ ਵੰਨਗੀਆਂ ਦੀਆਂ ਪੇਸਕਾਰੀਆਂ ਰਾਹੀਂ ਸਕੂਲੀ ਵਿਦਿਆਰਥੀਆਂ ਨੇ ਗੁਰੂ ਸਾਹਿਬ ਪ੍ਰਤੀ ਆਪਣੀ ਸਰਧਾ ਦਾ ਪ੍ਰਗਟਾਵਾ ਕੀਤਾ। ਸਕੂਲੀ ਵਿਦਿਆਰਥੀਆਂ ਦੇ ਸੈਕੰਡਰੀ, ਮਿਡਲ ਤੇ ਪ੍ਰਾਇਮਰੀ ਵਰਗਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਵਿਭਾਗ ਦੀ ਮੀਡੀਆ ਟੀਮ ਨੇ ਇਨਾਂ ਮੁਕਾਬਲਿਆਂ ਦਾ ਵੱਖ-ਵੱਖ ਮੀਡੀਆ ਪਲੇਟਫਾਮਰਜ ‘ਤੇ ਵਧੀਆ ਤਰੀਕੇ ਨਾਲ ਪ੍ਰਚਾਰ/ਪ੍ਰਸਾਰ ਕੀਤਾ। ਸਵਾਗਤੀ ਸ਼ਬਦ ਬੋਲਦਿਆਂ ਡਾ.ਸੁਖਦਰਸ਼ਨ ਸਿੰਘ ਚਹਿਲ ਨੇ ਆਖਿਆ ਕਿ ਵਿਸੇਸ ਲੋੜਾਂ ਵਾਲੇ ਵਿਦਿਆਰਥੀਆਂ ਦੇ ਮੁਕਾਬਲੇ ਵੀ ਵੱਖਰੇ ਤੌਰ ‘ਤੇ ਕਰਵਾਏ ਗਏ ਜਿਨਾਂ ਵਿੱਚ 2929 ਵਿਦਿਆਰਥੀਆਂ ਨੇ ਸਮੂਲੀਅਤ ਕੀਤੀ। ਮੰਚ ਸੰਚਾਲਨ ਕਰਦਿਆਂ ਅਮਰਦੀਪ ਸਿੰਘ ਬਾਠ ਨੇ ਦੱਸਿਆ ਕਿ ਰਾਜ ਪੱਧਰੀ ਮੁਕਾਬਲਿਆਂ ਤੋਂ ਪਹਿਲਾਂ ਜ਼ਿਲਾ ਪੱਧਰ ‘ਤੇ ਪਹਿਲੀਆਂ ਪੰਜ ਪੁਜੀਸਨਾਂ ‘ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 2000, 1500, 1000, 500-500 ਰੁਪਏ ਦੇ ਨਕਦ ਇਨਾਮ ਦਿੱਤੇ ਗਏ ਸਨ। ਇਹ ਰਾਸੀ ਕੁੱਲ 5.3 ਲੱਖ ਦੇ ਕਰੀਬ ਬਣਦੀ ਸੀ। ਸਹਿ ਵਿਦਿਅਕ ਮੁਕਾਬਲਿਆਂ ਉਤੇ ਸਮੁੱਚੇ ਰੂਪ ਵਿੱਚ 76.97 ਲੱਖ ਰੁਪਏ ਖਰਚੇ ਗਏ। ਇਸ ਮੌਕੇ ਸਿੱਖਿਆ ਮੰਤਰੀ ਜੇਤੂ ਬੱਚਿਆਂ ਦੀ ਸੁੰਦਰ ਲਿਖਾਈ, ਪੇਂਟਿੰਗ ਦੀ ਲਗਾਈ ਪ੍ਰਦਰਸ਼ਨੀ ਤੋਂ ਬਹੁਤ ਪ੍ਰਭਾਵਿਤ ਹੋਏ। ਉਹ ਸਰਕਾਰੀ ਪ੍ਰਾਇਮਰੀ ਸਕੂਲ, ਕਾਲਬੰਜਾਰਾ (ਸੰਗਰੂਰ) ਦੇ ਹੋਣਹਾਰ ਵਿਦਿਆਰਥੀ ਜਸਨਦੀਪ ਸਿੰਘ ਨੂੰ ਵਿਸ਼ੇਸ਼ ਤੌਰ ਉਤੇ ਮਿਲੇ। ਜਸਨਦੀਪ ਦੇ ਭਾਵੇਂ ਹੱਥ ਨਹੀਂ ਹਨ ਪਰ ਇਸ ਬੱਚੇ ਨੇ ਆਪਣੇ ਪੈਰਾਂ ਨਾਲ ਅਨੂਠੀ ਪ੍ਰਤਿਭਾ ਦਾ ਪ੍ਰਗਟਾਵਾ ਕਰਦਿਆਂ ਸੁੰਦਰ ਲਿਖਾਈ ਤੇ ਪੇਂਟਿੰਗ ਵਿੱਚ ਇਨਾਮ ਜਿੱਤ ਕੇ ਬਾਕੀਆਂ ਲਈ ਮਿਸਾਲ ਪੈਦਾ ਕੀਤੀ। ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਦੇ ਜੇਤੂ ਵਿਦਿਆਰਥੀਆਂ ਨਵਨੀਤ ਕੌਰ ਤੇ ਨਿਸ਼ਾਨ ਸਿੰਘ ਵੱਲੋਂ ਕੀਤੇ ਸ਼ਬਦ ਗਾਇਨ ਨਾਲ ਹੋਈ। ਵਿਦਿਆਰਥਣ ਖੁਸ਼ਪ੍ਰੀਤ ਕੌਰ ਨੇ ਜੋਸ਼ੀਲੀ ਕਵਿਤਾ ਸੁਣਾਈ। ਇਸ ਮੌਕੇ ਡੀ.ਪੀ.ਆਈ. (ਐਲੀਮੈਂਟਰੀ ਸਿੱਖਿਆ) ਹਰਿੰਦਰ ਕੌਰ, ਸਹਾਇਕ ਡਾਇਰੈਕਟਰ ਗੁਰਜੀਤ ਸਿੰਘ, ਸਮੂਹ ਜ਼ਿਲਾ ਸਿੱਖਿਆ ਅਫਸਰ, ਜ਼ਿਲਾ ਨੋਡਲ ਅਫਸਰ, ਸਬੰਧਤ ਸਕੂਲੀ ਮੁਖੀ ਅਤੇ ਵਿਦਿਆਰਥੀ ਹਾਜਰ ਸਨ।