ਲੋਕਾਂ ਦੇ ਘਰਾਂ ਤੋਂ ਵਧਾਈਆਂ ਮੰਗ ਮੰਗ ਕੇ ਆਪਣਾ ਗੁਜ਼ਾਰਾ ਕਰਨ ਵਾਲੇ ਖੁਸਰਿਆਂ ਦੇ ਘਰ ਚੋਰਾਂ ਨੇ ਹੱਲਾ ਬੋਲ ਦਿੱਤਾ। ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਕਰ 7 ਲੱਖ ਰੁਪਏ ਨਗਦ ਅਤੇ 7 ਤੋਲੇ ਸੋਨਾ ਕੀਤਾ ਚੋਰੀ ਮਾਮਲਾ ਜਿਲਾ ਗੁਰਦਾਸਪੁਰ ਦੇ ਪੁਲਿਸ ਥਾਣਾ ਭੈਣੀ ਮੀਆਂ ਖਾਂ ਦੇ ਬਿਲਕੁਲ ਸਾਹਮਣੇ ਖੁਸਰਿਆਂ ਦੇ ਮਹੰਤਾਂ ਦੇ ਘਰ ਦਾ ਹੈ ਜਿਥੇ ਦਿਨ ਦਿਹਾੜੇ ਹੋਈ ਚੋਰੀ ਕਰਨ ਪਿੰਡ ਭੈਣੀ ਮੀਆਂ ਖਾਂ ਦੇ ਇਲਾਕੇ ਵਿਚ ਸਨਸਨੀ ਫੈਲ ਗਈ। ਚੋਰਾਂ ਨੇ ਘਰ ਵਿਚ ਚੋਰੀ ਉਸ ਸਮੇ ਕੀਤੀ ਜਦ ਘਰ ਦੇ ਮੁਖੀ ਮਹੰਤ ਸੋਨੀਆ ਆਪਣੇ ਸਾਥੀਆਂ ਸਮੇਤ ਪਿੰਡਾਂ ਵਿਚ ਵਧਾਈਆਂ ਲੈਣ ਗਏ ਹੋਏ ਸੀ। ਪੁਲਿਸ ਨੇ ਕੇਸ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕੀਤੀ।
ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਅਤੇ ਖੁਸਰਿਆਂ ਦੇ ਮਹੰਤ ਸੋਨੀਆ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲ ਤੋਂ ਆਪਣਾ ਪੱਕਾ ਘਰ ਬਣਾ ਕੇ ਭੈਣੀ ਮੀਆਂ ਖਾਂ ਵਿੱਚ ਆਪਣੇ ਸਾਥੀਆਂ ਸਮੇਤ ਰਹਿ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਉਹ ਆਪਣੇ ਗਰੁੱਪ ਨਾਲ ਪਿੰਡਾਂ ਵਿਚ ਵਧਾਈਆਂ ਲੈਣ ਚਲੇ ਗਏ। ਜਦੋਂ ਉਹ 2 ਵਜੇ ਦੁਪਹਿਰ ਨੂੰ ਘਰ ਪਰਤੇ ਤਾਂ ਉਨ੍ਹਾਂ ਦੇਖਿਆ ਕਿ ਉਨ੍ਹਾਂ ਦੇ ਬਾਹਰਲੇ ਗੇਟ ਦਾ ਜਿੰਦਰਾ ਟੁੱਟਿਆ ਪਿਆ ਸੀ ਅਤੇ ਜਦੋਂ ਉਨ੍ਹਾਂ ਨੇ ਅੰਦਰ ਜਾ ਕੇ ਦੇਖਿਆ ਤਾਂ ਉਨ੍ਹਾਂ ਦੀ ਅਲਮਾਰੀ ਅਤੇ ਉਸ ਦੇ ਅੰਦਰ ਬਣੀ ਹੋਈ ਸੇਫ਼ ਵੀ ਟੁੱਟੀ ਪਈ ਸੀ। ਸੋਨੀਆ ਨੇ ਦੱਸਿਆ ਕਿ ਉਸਦੇ ਭਤੀਜੇ ਦਾ ਵਿਆਹ ਸੀ ਜਿਸ ਕਰਕੇ ਉਨ੍ਹਾਂ ਦੇ ਘਰ ਵਿੱਚ 7 ਲੱਖ ਨਕਦੀ ਅਤੇ 7 ਤੋਲੇ ਸੋਨੇ ਦੇ ਗਹਿਣੇ ਜੋੜ ਕੇ ਰੱਖੇ ਸੀ। ਉਨ੍ਹਾਂ ਨੇ ਕਿਹਾ ਕਿ ਦਿਨ ਦਿਹਾੜੇ ਹੋਈ ਇਸ ਵਾਰਦਾਤ ਨਾਲ ਉਹ ਕੱਖਾਂ ਤੋਂ ਵੀ ਹੌਲੇ ਹੋ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਇਸ ਦੀ ਸੂਚਨਾ ਥਾਣਾ ਭੈਣੀ ਮੀਆਂ ਖਾਂ ਦੀ ਪੁਲਸ ਨੂੰ ਦੇ ਦਿੱਤੀ ਗਈ ਸੀ। ਜਿਸ ਉਪਰੰਤ ਘਰ ਪੁੱਜੀ ਪੁਲਸ ਪਾਰਟੀ ਨੇ ਉਨ੍ਹਾਂ ਦੇ ਘਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਭੈਣੀ ਮੀਆਂ ਖਾਂ ਅਤੇ ਹੋਰ ਨੇੜਲੇ ਪਿੰਡਾਂ ਵਿੱਚ ਵੀ ਪਹਿਲਾਂ ਵੀ ਦਿਨ ਦੇ ਵਕਤ ਵੱਡੀਆਂ ਚੋਰੀਆਂ ਹੋ ਚੁੱਕੀਆਂ ਹਨ। ਪਰ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਸੁੱਤਾ ਹੋਇਆ ਹੈ ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਅਤੇ ਉੱਚ ਪੁਲੀਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਲਾਕੇ ਵਿਚ ਚੋਰੀਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਓਧਰ ਦੂਸਰੇ ਪਾਸੇ ਥਾਣਾ ਭੈਣੀ ਮੀਆਂ ਖਾਨ ਦੇ ਐਸ ਐਚ ਓ ਸੁਦੇਸ਼ ਕੁਮਾਰ ਨੇ ਦਸਿਆ ਕਿ ਖੁਸਰਿਆਂ ਦੇ ਮਹੰਤ ਦੇ ਘਰ ਚੋਰੀ ਹੋਣ ਦੀ ਸੂਚਨਾ ਮਿਲੀ ਸੀ ਇਸ ਸੰਬੰਧੀ ਜਾਂਚ ਕੀਤੀ ਜਾ ਰਹੀ ਹੈ ਤਫਤੀਸ਼ ਵਿੱਚ ਜੋ ਸਾਹਮਣੇ ਆਏਗਾ ਉਸਦੇ ਹਿਸਾਬ ਨਾਲ ਅਗਲੀ ਕਾਰਵਾਈ ਕਰਦੇ ਹੋਏ ਚੋਰਾਂ ਨੂੰ ਜਲਦ ਕਾਬੂ ਕੀਤਾ ਜਵੇਗਾ।