ਚੰਡੀਗੜ: ਪੰਜਾਬ ਦੇ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਦੇਸ਼ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਮੁਬਾਰਕ ਮੌਕੇ ਵਧਾਈਆਂ ਦਿੱਤੀਆਂ ਹਨ। ਸ. ਧਰਮਸੋਤ ਨੇ ਆਪਣੇ ਵਧਾਈ ਸੰਦੇਸ਼ ਵਿੱਚ ਕਿਹਾ ਹੈ ਕਿ ਦੀਵਾਲੀ ਦਾ ਤਿਉਹਾਰ ਇਸ ਗੱਲ ਦੀ ਜ਼ਮਾਨਤ ਹੈ ਕਿ ਜ਼ਿੰਦਗੀ ਵਿੱਚ ਵਿਅਕਤੀ ਨੂੰ ਭਾਵੇਂ ਕਿੰਨੀਆਂ ਵੀ ਔਕੜਾਂ ਦਾ ਸਾਹਮਣਾ ਕਰਨਾ ਪਵੇ ਪਰ ਅਖੀਰ ਵਿੱਚ ਸੱਚ ਦੀ ਬੁਰਾਈ ਉੱਤੇ ਜਿੱਤ ਹੋ ਕੇ ਹੀ ਰਹਿੰਦੀ ਹੈ ਅਤੇ ਸੱਚ ਦਾ ਸਿਰ ਮਾਣ ਨਾਲ ਉੱਚਾ ਰਹਿੰਦਾ ਹੈ।
ਉਨਾਂ ਅੱਗੇ ਕਿਹਾ ਕਿ ਇਹ ਤਿਉਹਾਰ ਉਹ ਵੇਲਾ ਹੈ ਜਦੋਂ ਅਸੀਂ ਸਾਰੇ ਆਪਣੇ ਜੀਵਨ ਵਿੱਚ ਨੈਤਿਕ ਕਦਰਾਂ ਕੀਮਤਾਂ ਨੂੰ ਅਪਣਾਉਣ ਤੋਂ ਇਲਾਵਾ ਦੁਨੀਆਂ ਭਰ ਵਿੱਚ ਫਿਰਕੂ ਸਦਭਾਵਨਾ, ਸ਼ਾਂਤੀ ਅਤੇ ਮਿਲ-ਜੁਲ ਕੇ ਰਹਿਣ ਦੇ ਸੁਨੇਹੇ ਦਾ ਪ੍ਰਚਾਰ ਕਰੀਏ।ਸ. ਧਰਮਸੋਤ ਨੇ ਅੱਗੇ ਕਿਹਾ ਕਿ ਬੰਦੀ ਛੋੜ ਦਿਵਸ ਦਾ ਮਨੁੱਖੀ ਇਤਿਹਾਸ ਵਿੱਚ ਵਿਸ਼ੇਸ਼ ਮਹੱਤਵ ਹੈ ਕਿਉਂ ਜੋ ਇਸ ਦਿਨ ਛੇਵੇਂ ਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਜਹਾਂਗੀਰ ਦੀ ਕੈਦ ਵਿੱਚੋਂ ਰਿਹਾਅ ਕੀਤਾ ਗਿਆ ਸੀ।