ਪ੍ਰਦੂਸ਼ਣ ਤੋਂ ਪ੍ਰੇਸ਼ਾਨ ਉੱਤਰ ਭਾਰਤ ਦੇ ਲੋਕਾਂ ਨੂੰ ਜਲਦੀ ਹੀ ਇਸ ਤੋਂ ਰਾਹਤ ਮਿਲਣ ਵਾਲੀ ਹੈ। ਮੌਸਮ ਵਿਭਾਗ ਮੁਤਾਬਕ ਪੱਛਮੀ ਗੜਬੜੀ ਛੇਤੀ ਹੀ ਦੇਸ਼ ਦੇ ਉੱਤਰੀ ਹਿੱਸੇ ‘ਚ ਦਸਤਕ ਦੇਣ ਵਾਲੀ ਹੈ, ਜਿਸ ਕਾਰਨ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ‘ਚ ਮੀਂਹ ਪੈਣਾ ਤੈਅ ਹੈ। ਆਈਐਮਡੀ ਵੱਲੋਂ ਪਹਾੜਾਂ ਵਿੱਚ ਬਰਫ਼ਬਾਰੀ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਠੰਢ ਵਧਣ ਵਾਲੀ ਹੈ।
ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਸਰਗਰਮ ਹੋਣ ਕਾਰਨ 25 ਨਵੰਬਰ ਦੀ ਰਾਤ ਤੋਂ ਮੌਸਮ ਵਿੱਚ ਤਬਦੀਲੀ ਆਵੇਗੀ, ਜਿਸ ਕਾਰਨ 27 ਨਵੰਬਰ ਨੂੰ ਪੰਜਾਬ ਵਿੱਚ ਕੁਝ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿਨ ਅਤੇ ਰਾਤ ਦੇ ਤਾਪਮਾਨ ‘ਚ 2 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਇਸ ਤੋਂ ਇਲਾਵਾ ਧੂੰਏਂ ਦਾ ਕਹਿਰ ਵੀ ਵਧੇਗਾ।
ਸ਼ੁੱਕਰਵਾਰ ਨੂੰ ਦਿੱਲੀ ਦਾ ਹਵਾ ਗੁਣਵੱਤਾ ਸੂਚਕ ਅੰਕ 379 ਦਰਜ ਕੀਤਾ ਗਿਆ, ਜੋ ਕਿ ਬਹੁਤ ਖਤਰਨਾਕ ਸ਼੍ਰੇਣੀ ਵਿੱਚ ਆਉਂਦਾ ਹੈ। ਇਸੇ ਤਰਜ਼ ’ਤੇ ਆਸਪਾਸ ਦੇ ਇਲਾਕਿਆਂ ਵਿੱਚ ਵੀ ਭਾਰੀ ਪ੍ਰਦੂਸ਼ਣ ਦੀ ਸਥਿਤੀ ਬਣੀ ਹੋਈ ਹੈ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ 26 ਤੋਂ 28 ਨਵੰਬਰ ਤੱਕ ਉੱਤਰੀ ਭਾਰਤ ਅਤੇ ਪੱਛਮੀ ਭਾਰਤ ਵਿੱਚ ਮੀਂਹ ਪੈ ਸਕਦਾ ਹੈ। 27 ਨਵੰਬਰ ਨੂੰ ਉੱਤਰਾਖੰਡ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਨਾ ਸਿਰਫ਼ ਉੱਤਰੀ ਭਾਰਤ ਵਿੱਚ ਸਗੋਂ ਮੱਧ, ਪੱਛਮੀ ਅਤੇ ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ।
ਮਹਾਰਾਸ਼ਟਰ, ਗੁਜਰਾਤ ਅਤੇ ਰਾਜਸਥਾਨ ਵਿੱਚ 25 ਤੋਂ 27 ਨਵੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਤਰੀਕਾਂ ਨੂੰ ਮੱਧ ਪ੍ਰਦੇਸ਼ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਆਈਐਮਡੀ ਮੁਤਾਬਕ ਤਾਮਿਲਨਾਡੂ ਵਿੱਚ ਅੱਜ ਤੋਂ ਹੀ ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ। ਅੰਡੇਮਾਨ ਅਤੇ ਨਿਕੋਬਾਰ, ਲਕਸ਼ਦੀਪ, ਕੇਰਲ ਅਤੇ ਪੁਡੂਚੇਰੀ ਵਿੱਚ ਵੀ ਬਰਸਾਤ ਜਾਰੀ ਹੈ।
ਇਹ ਵੀ ਪੜ੍ਹੋ : ਸਾਬਕਾ MLA ਕਿੱਕੀ ਢਿੱਲੋਂ ਖਿਲਾਫ਼ ਦੋਸ਼ ਤੈਅ, ਅਗਲੀ ਸੁਣਵਾਈ ‘ਚ ਗਵਾਹ ਪੇਸ਼ ਕਰਨ ਦੇ ਹੁਕਮ
ਘਾਟੀ ‘ਚ ਤਾਪਮਾਨ ਲਗਾਤਾਰ ਡਿੱਗ ਰਿਹਾ ਹੈ, ਜਿਸ ਦਾ ਅਸਰ ਮੈਦਾਨੀ ਇਲਾਕਿਆਂ ‘ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਸ਼ੁੱਕਰਵਾਰ ਨੂੰ ਸ਼੍ਰੀਨਗਰ ‘ਚ ਤਾਪਮਾਨ 0.9 ਡਿਗਰੀ ਦਰਜ ਕੀਤਾ ਗਿਆ। ਬਾਂਦੀਪੋਰਾ, ਬਾਰਾਮੂਲਾ, ਕੁਪਵਾੜਾ, ਕੁਲਗਾਮ ਅਤੇ ਗੰਦਰਬਲ ਵਿੱਚ ਵੀ ਤਾਪਮਾਨ ਜ਼ੀਰੋ ਦੇ ਨੇੜੇ ਹੈ। ਸ਼ੋਪਈ ਵਿੱਚ ਤਾਪਮਾਨ ਮਨਫ਼ੀ ਦੋ ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੱਛਮੀ ਗੜਬੜੀ ਕਾਰਨ ਕਸ਼ਮੀਰ ਵਿੱਚ ਵੀ ਤਾਪਮਾਨ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ : –