Ranjit Nagar should be : ਨਵੀਂ ਦਿੱਲੀ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੇ ਇਤਿਹਾਸ ਵਿੱਚ ਇਕ ਬਹਾਦਰ ਜੰਗਜੂ, ਦਲੇਰ ਤੇ ਮਹਾਨ ਸ਼ਖ਼ਸੀਅਤ ਦੇ ਮਾਲਕ ਸਨ। ਉਨ੍ਹਾਂ ਨੇ ਪੰਜਾਬ ‘ਤੇ ਹੀ ਨਹੀਂ ਬਲਕਿ ਪੰਜਾਬ ਦੇ ਲੋਕਾਂ ਦੇ ਦਿਲਾਂ ‘ਤੇ ਵੀ ਰਾਜ ਕੀਤਾ ਹੈ। ਅੱਜ ਉਨ੍ਹਾਂ ਦੇ ਜਨਮ ਦਿਨ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਤੇ ਦਿੱਲੀ ਸਰਕਾਰਾਂ ਨੂੰ ਅਪੀਲ ਕੀਤੀ ਹੈ ਕਿ ਦੇਸ਼ ਭਰ ਵਿਚ ਰਣਜੀਤ ਨਗਰ ਦਾ ਨਾਂ ਬਦਲ ਕੇ ਮਹਾਰਾਜਾ ਰਣਜੀਤ ਸਿੰਘ ਨਗਰ ਕੀਤਾ ਜਾਵੇ। ਕਨਾਟ ਪਲਵੇਸ ਵਿਖੇ DSGPC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਕਿਹਾ ਕਿ ਅੱਜ ਦੇਸ਼ ਭਰ ਵਿਚ ਉਹਨਾਂ ਦੇ ਨਾਂ ’ਤੇ ਕਾਲੋਨੀਆਂ ਤੇ ਹੋਰ ਥਾਵਾਂ ਦੇ ਨਾਂ ਛੋਟੇ ਕਰ ਕੇ ਰਣਜੀਤ ਨਗਰ ਰੱਖਿਆ ਜਾ ਰਿਹਾ ਹੈ ਜੋ ਬਹੁਤ ਹੀ ਮੰਦਭਾਗਾ ਹੈ ਤੇ ਉਹਨਾਂ ਨੇ ਭਾਰਤ ਤੇ ਦਿੱਲੀ ਸਰਕਾਰ ਨੂੰ ਅਪੀਲ ਕੀਤੀ ਕਿ ਇਹਨਾਂ ਨਗਰਾਂ ਦੇ ਹੋਰ ਥਾਵਾਂ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਨਗਰ ਵਜੋਂ ਤਬਦੀਲ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸ਼ੇਰ-ਏ-ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ‘ਤੇ ਸੰਗਰੂਰ ਦੇ ਪਿੰਡ ਬਡਰੁੱਖਾਂ ਦੇ ਗੁਰੂਦੁਆਰਾ ਮਹਾਰਾਜਾ ਰਣਜੀਤ ਸਿੰਘ ਸਾਹਿਬ (ਘੋੜਾ ਵਾਲਾ) ਵਿਖੇ ਸੰਗਤਾਂ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਸਮਾਗਮ ਵਿਚ ਸਿੱਖਿਆ ਮੰਤਰੀ ਵਿਜੇਇੰਦਰ ਸਿਗਲਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਿੰਗਲਾ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੁਆਰਾ ਵਿਸ਼ਾਲ ਸਿੱਖ ਰਾਜ ਦੀ ਸਥਾਪਨਾ ਤੋਂ ਇਲਾਵਾ ਸਮਾਜ ਸੁਧਾਰ, ਆਧੁਨਿਕੀਕਰਨ ਅਤੇ ਮੁੜ ਜਾਗ੍ਰਿਤੀ ਦੀ ਵਿਰਾਸਤ ਲੋਕਾਂ ਦੇ ਹੱਥਾਂ ਵਿਚ ਪਾਈ ਗਈ ਹੈ, ਜਿਸ ਲਈ ਲੋਕ ਉਸ ਨੂੰ ਹਮੇਸ਼ਾ ਯਾਦ ਰੱਖਣਗੇ।
ਦੱਸਣਯੋਗ ਹੈ ਕਿ ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਸਰਦਾਰ ਮਹਾਂ ਸਿੰਘ ਤੇ ਸਰਦਾਰਨੀ ਰਾਜ ਕੌਰ ਦੇ ਘਰ ਹੋਇਆ ਸੀ। ਉਨਾ ਦਾ ਬਚਪਨ ਦਾ ਨਾਮ ਬੁਧ ਸਿੰਘ ਸੀ। ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ, ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਪਿਤਾ ਦੀ ਅਚਾਨਕ ਹੋਈ ਮੌਤ ਕਰਕੇ ਸਿਰਫ਼ 12 ਸਾਲ ਦੀ ਉਮਰ ਵਿੱਚ ਹੀ ਮਿਸਲ ਦਾ ਕੰਮ ਸੰਭਾਲਣਾ ਪਿਆ ਸੀ।