Registration is possible if : ਚੰਡੀਗੜ੍ਹ : ਗੱਡੀ ਜਾਂ ਕਾਰ ’ਤੇ ਆਰਟ ਵਰਕ ਹੋਣ ਦੀ ਸਥਿਤੀ ਵਿਚ ਅਤੇ ਉਸ ਦੇ ਮੂਲ ਸਰੂਪ ਨਾਲ ਜੇਕਰ ਕੋਈ ਛੇੜਛਾੜ ਨਹੀਂ ਹੋਈ ਤਾਂ ਉਸ ਦੀ ਰਜਿਸਟ੍ਰੇਸ਼ਨ ਹੋ ਸਕਦੀ ਹੈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਫੈਸਲਾ ਪੰਜਾਬ ਐਂਡ ਹਰਿਆਣਾ ਹਾਇਕੋਰਟ ਵੱਲੋਂ ਇਕ ਮਾਮਲੇ ਦੀ ਸੁਣਵਾਈ ਦੌਰਾਨ ਸੁਣਾਇਆ ਗਿਆ। ਮਾਮਲੇ ਵਿਚ ਚੰਡੀਗੜ੍ਹ ਨਿਵਾਸੀ ਰਣਜੀਤ ਮਲਹੋਤਰਾ ਨੇ ਹਾਈਕੋਰਟ ਨੂੰ ਦੱਸਿਆ ਕਿ ਉਸ ਨੇ ਦਿੱਲੀ ਤੋਂ ਅੰਬੈਸਡਰ ਕਾਰ ਯੂਰਪੀਅਨ ਯੂਨੀਅਨ ਦੇ ਕੌਂਸਲਰ ਕੋਲੋਂ ਮੈਕਸਿਕੋ ਦੇ ਆਰਟਿਸਟ ਸੈਨ ਕੋਈ ਵੱਲੋਂ ਕੀਤੇ ਗਏ ਆਰਟ ਵਰਕ ਕਾਰਨ ਇਕ ਕਾਰ ਜੁਲਾਈ 2019 ਵਿਚ ਖਰੀਦੀ ਸੀ।
ਜਦੋਂ ਚੰਡੀਗੜ੍ਹ ਦੇ ਯੂਟੀ ਪ੍ਰਸ਼ਾਸਨ ਨੂੰ ਇਸ ਦੀ ਰਜਿਸਟ੍ਰੇਸ਼ਨ ਲਈ ਅਰਜ਼ੀ ਦਿੱਤੀ ਗਈ ਤਾਂ ਇੰਸਪੈਕਟਰ ਨੇ ਇਹ ਕਹਿ ਕੇ ਕਾਰ ਦੀ ਰਜਿਸਟ੍ਰੇਸ਼ਨ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਕਾਰ ਦਾ ਅਸਲੀ ਰੰਗ ਸਫੈਦ ਹੈ, ਜਿਸ ’ਤੇ ਹੁਣ ਪੇਂਟ ਕਰ ਦਿੱਤਾ ਗਿਆ ਹੈ ਅਤੇ ਇਹ ਕਾਰ ਦੇ ਅਸਲ ਸਰੂਪ ਵਿਚ ਤਬਦੀਲੀ ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ’ਤੇ ਚੰਡੀਗੜ੍ਹ ਯੂਟੀ ਪ੍ਰਸ਼ਾਸਨ ਦੇ ਸੀਨੀਅਰ ਸਟੈਂਡਿੰਗ ਕਾਊਂਸਿਲ ਪੰਕਜ ਜੈਨ ਨੇ ਕਿਹਾ ਕਿ ਅਜੇ ਤੱਕ ਰਜਿਸਟ੍ਰੇਸ਼ਨ ਦੀ ਅਰਜ਼ੀ ’ਤੇ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਅਜਿਹੇ ਵਿਚ ਇਹ ਪਟੀਸ਼ਨ ਪ੍ਰੀਮੈਚਿਓਰ ਹੈ।
ਹਾਈਕੋਰਟ ਨੇ ਸਾਰੇ ਪੱਖਾਂ ਦੀ ਦਲੀਲ ਸੁਣਨ ਤੋਂ ਬਾਅਦ ਕਿਹਾ ਕਿ ਮੋਟਰ ਵ੍ਹੀਕਲ ਐਕਟ ਮੁਤਾਬਕ ਕਾਰ ਦੇ ਅਸਲ ਰੰਗ ਵਿਚ ਤਬਦੀਲੀ ਕਰਨਾ ਉਸ ਦੇ ਮੂਲ ਰੂਪ ਨਾਲ ਛੇੜਛਾੜ ਦੀ ਸ਼੍ਰੇਣੀ ਵਿਚ ਆਉਂਦਾ ਹੈ। ਅਕਸਰ ਟਰੱਕਾਂ ’ਤੇ ਵੱਖ-ਵੱਖ ਸਲੋਗਨ ਤੇ ਡਿਜ਼ਾਈਨ ਆਦਿ ਬਣੇ ਹੁੰਦੇ ਹਨ। ਕਾਰਾਂ ਦੇ ਪਿੱਛੇ ਵੀ ਵੱਖ-ਵੱਖ ਡਿਜ਼ਾਈਨ ਬਣੇ ਹੁੰਦੇ ਹਨ, ਇਨ੍ਹਾਂ ਨੂੰ ਵਾਹਨ ਦੇ ਮੂਲ ਸਰੂਪ ’ਚ ਛੇੜਛਾੜ ਦੀ ਸ਼੍ਰੇਣੀ ਵਿਚ ਨਹੀਂ ਰਖਿਆ ਜਾ ਸਕਦਾ। ਕਾਰ ਦਾ ਮੂਲ ਰੰਗ ਸਪੈਦ ਹੈ ਜਿਸ ’ਤੇ ਪੇਂਟ ਕੀਤਾ ਗਿਆ ਹੈ। ਅਜਿਹੇ ਵਿਚ ਹਾਈਕੋਰਟ ਨੇ ਇਸ ਨੂੰ ਪੇਂਟਿੰਗ ਵਾਂਗ ਮੰਨਦੇ ਹੋਏ ਇਸ ਪਟੀਸ਼ਨ ਨੂੰ ਸਵੀਕਾਰ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਦੋ ਹਫਤਿਆਂ ਦੇ ਅੰਦਰ ਕਾਰ ਦੀ ਰਜਿਸਟ੍ਰੇਸ਼ਨ ਕਰਨ ਦੇ ਹੁਕਮ ਦਿੱਤੇ ਹਨ।