ਕਸ਼ਮੀਰ ਦੇ ਅਨੰਤਨਾਗ ਵਿੱਚ ਸ਼ਹੀਦ ਹੋਏ ਪਟਿਆਲਾ ਦੇ ਸਮਾਣਾ ਇਲਾਕੇ ਦੇ ਪ੍ਰਦੀਪ ਸਿੰਘ (27 ਸਾਲ) ਮੰਗਲਵਾਰ ਨੂੰ ਪੰਚਤੱਤ ਵਿੱਚ ਵਿਲੀਨ ਹੋ ਗਏ। ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬੱਲਮਗੜ੍ਹ ਵਿੱਚ ਕੀਤਾ ਗਿਆ। ਅੰਤਿਮ ਯਾਤਰਾ ਵਿੱਚ ਸ਼ਾਮਲ ਸਾਰੇ ਲੋਕਾਂ ਨੇ ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਨੂੰ ਵਿਦਾਇਗੀ ਦਿੱਤੀ। ਇਸ ਦੌਰਾਨ ਉਨ੍ਹਾਂ ਦੀ ਪਤਨੀ ਸੀਮਾ ਰਾਣੀ, ਪਿਤਾ ਦਰਸ਼ਨ ਸਿੰਘ ਅਤੇ ਭਰਾ ਕੁਲਦੀਪ ਸਿੰਘ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ।
ਇਸ ਤੋਂ ਪਹਿਲਾਂ ਕਸ਼ਮੀਰ ਤੋਂ ਸ਼ਹੀਦ ਫੌਜੀ ਦੀ ਮ੍ਰਿਤਕ ਦੇਹ ਨੂੰ ਵੱਡੇ ਕਾਫਲੇ ਨਾਲ ਪਿੰਡ ਬੱਲਮਗੜ੍ਹ ਲਿਆਂਦਾ ਗਿਆ। ਪਰਿਵਾਰ ਨੇ ਹੰਝੂ ਭਰੀਆਂ ਅੱਖਾਂ ਨਾਲ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ ਅਤੇ ਫਿਰ ਪੂਰੇ ਫੌਜੀ ਸਨਮਾਨਾਂ ਅਤੇ ਧਾਰਮਿਕ ਰਸਮਾਂ ਨਾਲ ਜਵਾਨ ਪ੍ਰਦੀਪ ਸਿੰਘ ਦੀ ਚਿਤਾ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਸ਼ਹੀਦ ਪ੍ਰਦੀਪ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਰੱਖਿਆ ਸੇਵਾਵਾਂ ਤੇ ਭਲਾਈ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਤਰਫੋਂ ਮ੍ਰਿਤਕ ਦੇਹ ’ਤੇ ਫੁੱਲ ਮਾਲਾਵਾਂ ਭੇਟ ਕੀਤੀਆਂ। ਉਨ੍ਹਾਂ ਐਲਾਨ ਕੀਤਾ ਕਿ ਸ਼ਹੀਦ ਦੀ ਪਤਨੀ ਸੀਮਾ ਰਾਣੀ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਪਬਲਿਕ ਕਾਲਜ ਸਮਾਣਾ ਵਿੱਚ ਸਹਾਇਕ ਪ੍ਰੋਫੈਸਰ ਨਿਯੁਕਤ ਕੀਤਾ ਜਾਵੇਗਾ।
ਇਸ ਦੌਰਾਨ ਭਾਰਤੀ ਫੌਜ ਦੇ ਬਿਗੁਲਰ ਨੇ ਸੋਗ ਦੀ ਧੁਨ ਵਜਾਈ ਅਤੇ ਜਵਾਨਾਂ ਨੇ ਗਾਰਡ ਆਫ ਆਨਰ ਦੇ ਕੇ ਸ਼ਹੀਦ ਨੂੰ ਸਲਾਮੀ ਦਿੱਤੀ। ਪਟਿਆਲਾ ਮਿਲਟਰੀ ਸਟੇਸ਼ਨ ਦੇ ਬ੍ਰਿਗੇਡੀਅਰ ਅੰਕੁਸ਼ ਠਾਕੁਰ, ਕਰਨਲ ਅਭਿਨਵ ਸ਼ਰਮਾ ਅਤੇ 19 ਆਰਆਰ ਦੇ ਸੂਬੇਦਾਰ ਸੁਰਿੰਦਰ ਸਿੰਘ, ਨਾਇਬ ਸੂਬੇਦਾਰ ਤਰਲੋਚਨ ਸਿੰਘ ਅਤੇ ਮਨਜੀਤ ਸਿੰਘ ਸਮੇਤ ਹੋਰ ਫੌਜੀ ਅਧਿਕਾਰੀਆਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ, ਐਸਡੀਐਮ ਚਰਨਜੀਤ ਸਿੰਘ, ਐਸਐਸਪੀ ਵਰੁਣ ਸ਼ਰਮਾ, ਐਸਪੀ ਸੌਰਵ ਜਿੰਦਲ, ਡੀਐਸਪੀ ਨੇਹਾ ਅਗਰਵਾਲ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਐਮਐਸ ਰੰਧਾਵਾ, ਪੀਏ ਗੁਰਦੇਵ ਸਿੰਘ ਟਿਵਾਣਾ ਅਤੇ ਅਮਰਦੀਪ ਸਿੰਘ ਸੋਨੂੰ ਥਿੰਦ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਫੌਜੀ ਅਧਿਕਾਰੀਆਂ ਨੇ ਸ਼ਹੀਦ ਦੇ ਤਾਬੂਤ ‘ਤੇ ਤਿਰੰਗਾ ਝੰਡਾ ਸ਼ਹੀਦ ਦੀ ਪਤਨੀ ਨੂੰ ਸੌਂਪਿਆ।
20 ਅਪ੍ਰੈਲ 1996 ਨੂੰ ਪੈਦਾ ਹੋਏ ਪ੍ਰਦੀਪ ਸਿੰਘ 21 ਦਸੰਬਰ 2015 ਨੂੰ ਭਾਰਤੀ ਫੌਜ ਵਿੱਚ ਭਰਤੀ ਹੋਇਆ ਸੀ। ਆਪਣੀ ਸਿਖਲਾਈ ਪੂਰੀ ਕਰਨ ਤੋਂ ਬਾਅਦ, ਉਹ 18 ਸਿੱਖ ਲਾਈਟ ਇਨਫੈਂਟਰੀ ਵਿੱਚ ਸ਼ਾਮਲ ਹੋ ਗਿਆ। ਉਹ ਇਸ ਸਮੇਂ ਕਸ਼ਮੀਰ ਵਿੱਚ ਭਾਰਤੀ ਫੌਜ ਦੀ ਉੱਤਰੀ ਕਮਾਂਡ 19 ਆਰਆਰ ਸਿੱਖ ਲਾਈਟ ਇਨਫੈਂਟਰੀ ਵਿੱਚ ਤਾਇਨਾਤ ਸੀ ਅਤੇ 13 ਸਤੰਬਰ ਨੂੰ ਅਨੰਤਨਾਗ ਜ਼ਿਲ੍ਹੇ ਦੇ ਕੋਕਰਨਾਗ ਵਿਖੇ ਚੱਲ ਰਹੇ ਫੌਜੀ ਆਪ੍ਰੇਸ਼ਨ ਦੌਰਾਨ ਸ਼ਹੀਦ ਹੋ ਗਿਆ ਸੀ। ਕਰੀਬ 5 ਦਿਨਾਂ ਬਾਅਦ ਉਸ ਦੀ ਮ੍ਰਿਤਕ ਦੇਹ ਬਰਾਮਦ ਹੋਈ। ਉਸ ਦੀ ਮਾਤਾ ਪਰਮਜੀਤ ਕੌਰ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਰੁੱਖ ਬਚਾਉਣ ਦੀ ਕੋਸ਼ਿਸ਼! ਜੰਗਲਾਤ ਵਿਭਾਗ 75 ਸਾਲ ਪੁਰਾਣੇ ਦਰੱਖਤਾਂ ਨੂੰ ਦੇਵੇਗਾ ਪੈਨਸ਼ਨ
ਪ੍ਰਦੀਪ ਦਾ ਵਿਆਹ ਦੋ ਸਾਲ ਪਹਿਲਾਂ ਸੀਮਾ ਰਾਣੀ ਨਾਲ ਹੋਇਆ ਸੀ। ਪਤਨੀ ਫਿਲਹਾਲ ਗਰਭਵਤੀ ਹੈ ਅਤੇ ਪਰਿਵਾਰ ਨਵੇਂ ਮੈਂਬਰ ਦੇ ਆਉਣ ‘ਤੇ ਜਸ਼ਨ ਮਨਾ ਰਿਹਾ ਸੀ। ਪ੍ਰਦੀਪ ਸਿੰਘ ਇਸ ਸਾਲ ਮਈ ਮਹੀਨੇ ਵਿੱਚ ਘਰ ਆਇਆ ਸੀ ਅਤੇ ਕਰੀਬ ਇੱਕ ਮਹੀਨੇ ਦੀ ਛੁੱਟੀ ਤੋਂ ਬਾਅਦ ਵਾਪਸ ਆਪਣੀ ਡਿਊਟੀ ’ਤੇ ਪਰਤਿਆ ਸੀ।
ਸ਼ਹੀਦ ਦੀ ਪਤਨੀ ਸੀਮਾ ਰਾਣੀ ਅਤੇ ਭਰਾ ਕੁਲਦੀਪ ਸਿੰਘ ਸਮੇਤ ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਹੀਦ ਪ੍ਰਦੀਪ ਸਿੰਘ ਦੀ ਸ਼ਹਾਦਤ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਪ੍ਰਦੀਪ ਸਿੰਘ ਮਈ ਮਹੀਨੇ ਦੀ ਛੁੱਟੀ ‘ਤੇ ਪਿੰਡ ਆਇਆ ਸੀ ਅਤੇ ਉਹ ਬਹੁਤ ਹੀ ਬਹਾਦਰ ਅਤੇ ਦਲੇਰ ਨੌਜਵਾਨ ਸੀ, ਜਿਸ ਨੇ ਦੇਸ਼ ਲਈ ਲੜਦਿਆਂ ਸ਼ਹੀਦੀ ਪ੍ਰਾਪਤ ਕੀਤੀ।
ਵੀਡੀਓ ਲਈ ਕਲਿੱਕ ਕਰੋ -: