ਅੱਜ ਜਦੋਂ ਸਾਡੀ ਨੌਜਵਾਨ ਪੀੜ੍ਹੀ ਸੋਸ਼ਲ ਮੀਡੀਆ ‘ਤੇ ਰੀਲਾਂ-ਫੋਟੋਆਂ ਪਾਉਣ ਵਿੱਚ ਹੀ ਰੁਝੀ ਪਈ ਹੈ ਇਕ ਦੌਰਾਨ ਕਿਸਾਨਾਂ ਦੇ ਮਾਰਚ ਵਿੱਚ ਇੱਕ ਅਜਿਹੀ ਡਾਕਟਰ ਪਹੁੰਚੀ ਜੋ ਪੂਰੇ ਯੂਥ ਲਈ ਇੱਕ ਮਿਸਾਲ ਹੈ। ਡਾਕਰ ਹਿਨਾ ਆਪਣੀ ਥਾਰ ਗੱਡੀ ਖੁਦ ਚਲਾ ਕੇ ਜਲੰਧਰ ਤੋਂ ਸ਼ੰਭੂ ਬਾਰਡਰ ‘ਤੇ ਪਹੁੰਚੀ। ਉਸ ਦੀ ਇੱਕ ਲੱਤ ਵਿੱਚ ਦਿੱਕਤ ਹੈ, ਦਰਦ ਹੈ ਪਰ ਫਿਰ ਵੀ ਉਹ ਇਸ ਦੀ ਪਰਵਾਹ ਨਾ ਕਰਦੇ ਹੋਏ, ਇਥੋਂ ਤੱਕ ਕਿ ਆਪਣੀ ਨੌਕਰੀ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਲਈ ਪਹੁੰਚੀ ਤੇ ਆਉਂਦੇ ਹੀ ਕਿਸਾਨਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਡਾਕਟਰ ਹਿਨਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੇਰੇ ਵਿੱਚ ਸ਼ੁਰੂ ਤੋਂ ਹੀ ਸੇਵਾ ਦੀ ਭਾਵਨਾ ਰਹੀ ਹੈ ਇਸ ਲਈ ਹੀ ਮੈਂ ਮੈਡੀਕਲ ਫੀਲਡ ਵਿੱਚ ਗਈ ਸੀ। ਮੈਨੂੰ ਸੇਵਾ ਕਰਕੇ ਖੁਸ਼ੀ ਮਿਲਦੀ ਹੈ। ਮੈਂ ਸੋਸ਼ਲ ਮੀਡੀਆ ‘ਤੇ ਸਵੇਰੇ ਜਦੋਂ ਵੇਖਿਆ ਕਿ ਬਜ਼ੁਰਗ ਕਿਸਾਨਾਂ ‘ਤੇ ਪੁਲਿਸ ਕਿਸ ਤਰ੍ਹਾਂ ਜ਼ੁਲਮ ਕਰ ਰਹੀ ਹੈ ਤਾਂ ਮੈਨੂੰ ਪਹੁਤ ਤਰਸ ਆਇਆ। ਉਸ ਨੇ ਕਿਹਾ ਕਿ ਮੇਰੇ ਦਰਦ ਸੀ ਪਰ ਉਨ੍ਹਾਂ ਬਜ਼ੁਰਗਾਂ ਦੀ ਹਿੰਮਤ ਵੇਖ ਕੇ ਮੈਂ ਫਰਸਟ ਏਡ ਦਾ ਸਮਾਨ ਚੁੱਕਿਆ ਤੇ ਕਿਸਾਨਾਂ ਦਾ ਸਮਰਥਨ ਦੇਣ ਲਈ ਉਨ੍ਹਾਂ ਦੀ ਮਦਦ ਕਰਨ ਲਈ ਆਪਣੀ ਇੱਕ ਦੋਸਤ ਨਾਲ ਇਥੇ ਪਹੁੰਚ ਗਈ।
ਉਸ ਨੇ ਦੱਸਿਆ ਕਿ ਉਹ ਸਵੇਰੇ 11-12 ਵਜੇ ਇਥੇ ਪਹੁੰਚੀ ਤੇ ਆਉਂਦੇ ਹੀ ਉਸ ਨੂੰ 30-40 ਮਰੀਜ਼ ਮਿਲੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਹੰਝੂ ਗੈਸ ਕਰਕੇ ਤਕਲੀਫ ਸੀ, ਕਈਆਂ ਨੂੰ ਬਹੁਤ ਸੱਟਾਂ ਲੱਗੀਆਂ ਸਨ, ਜਿਨ੍ਹਾਂ ਦੀ ਮੱਲ੍ਹਮ-ਪੱਟੀ ਕੀਤੀ। ਇੱਕ ਬਜ਼ੁਰਗ ਦੇ ਸਿਰ ‘ਤੇ ਬਹੁਤ ਹੀ ਬਾਰੀਕ ਜਿਹੀ ਗੋਲੀ ਸੀ, ਜਿਸ ਨੂੰ ਸਰਜੀਕਲ ਬਲੇਡ ਨਾਲ ਕੱਢਣਾ ਪਿਆ ਤੇ ਇੱਕ ਦੀ ਅੱਖ ਵਿੱਚ ਗੋਲੀ ਚਲੀ ਗਈ ਸੀ।
ਡਾਕਟਰ ਹਿਨਾ ਨੇ ਦੱਸਿਆ ਕਿ ਉਹ ਹਸਪਤਾਲ ਵਿੱਚ ਨੌਕਰੀ ਕਰਦੀ ਹੈ। 2 ਸਾਲ ਉਸ ਦਾ ICU ਸਟਾਫ ਦਾ ਤਜਰਬਾ ਹੈ, ਉਸ ਨੇ ਫੋਰਟਿਸ ਹਸਪਤਾਲ ਵਿਚ ਵੀ ਕੰਮ ਕੀਤਾ ਹੋਇਆ ਹੈ। ਇਸ ਵੇਲੇ ਉਹ ਜਲੰਧਰ ਵਿੱਚ ਡਾਇਟਿਸ਼ੀਅਨ ਵਜੋਂ ਨੌਕਰੀ ਕਰ ਰਹੀ ਹੈ। ਪਰ ਕਿਸਾਨਾਂ ਦਾ ਹਾਲ ਵੇਖ ਉਸ ਨੇ ਤੁਰੰਤ ਨੌਕਰੀ ਛੱਡ ਕੇ ਇਥੇ ਆਉਣ ਦਾ ਫੈਸਲਾ ਲੈ ਲਿਆ। ਉਸ ਨੇ ਕਿਹਾ ਕਿ ਮੈਨੂੰ ਲੱਗਾ ਇਨ੍ਹਾਂ ਨੂੰ ਮੇਰੀ ਜ਼ਿਆਦਾ ਲੋੜ ਹੈ।
ਹਿਨਾ ਨੇ ਦੱਸਿਆ ਕਿ ਰਾਤ ਤੱਕ ਉਹ 100-200 ਮਰੀਜ਼ਾਂ ਨੂੰ ਫਰਸਟ ਏਡ ਦੇ ਚੁੱਕੇ ਹਨ। ਉਸ ਨੇ ਕਿਹਾ ਕਿ ਬਜ਼ੁਰਗਾਂ ਦਾ ਅਸ਼ੀਰਵਾਦ ਮੈਨੂੰ ਕਈ ਨੌਕਰੀਆਂ ਤੋਂ ਵੱਧ ਕੀਮਤੀ ਹੈ। ਉਸ ਨੇ ਸਾਰੇ ਨੌਜਵਾਨਾਂ ਤੇ ਮੈਡੀਕਲ ਟੀਮਾਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਨੂੰ ਇਥੇ ਆਉਣ ਦੀ ਲੋੜ ਹੈ। ਕਿਸਾਨਾਂ ਦਾ ਸਮਰਥਨ ਜ਼ਰੂਰ ਕਰੋ ਤੇ ਉਨ੍ਹਾਂ ਦੀ ਮਦਦ ਕਰੋ।
ਇਹ ਵੀ ਪੜ੍ਹੋ : ‘ਸਾਡੀ ਸਰਕਾਰ ਦੇ ਤੀਜੇ ਕਾਰਜਕਾਲ ‘ਚ ਤੀਜੀ ਵੱਡੀ ਇਕਾਨਮੀ ਬਣੇਗਾ ਭਾਰਤ’- ਆਬੂਧਾਬੀ ‘ਚ ਬੋਲੇ PM ਮੋਦੀ
ਉਸ ਨੇ ਦੱਸਿਆ ਕਿ ਉਸ ਦਾ ਐਕਸੀਡੈਂਟ ਹੋ ਗਿਆ ਸੀ ਤੇ ਡਾਕਟਰ ਨੇ ਉਸ ਨੂੰ ਗੋਡੇ ਦੇ ਆਪ੍ਰੇਸ਼ਨ ਲਈ ਕਿਹਾ ਸੀ ਪਰ ਮੈਂ ਇਥੇ ਹੀ ਰਹਾਂਗੀ, ਅਜੇ ਆਪ੍ਰੇਸ਼ਨ ਨਹੀਂ ਕਰਵਾਵਾਂਗੀ। ਜੇ 6 ਮਹੀਨੇ ਵੀ ਕੱਢਣਾ ਪਏ ਤਾਂ ਕੱਢਾਂਗੀ, ਜਾ ਕੇ ਹੋਰ ਸਮਾਨ ਲੈ ਕੇ ਆਵਾਂਗੀ। ਉਸ ਨੇ ਦੱਸਿਆ ਕਿ ਬਜ਼ੁਰਗਾਂ ਦੀ ਹਿੰਮਤ ਵੇਖ ਮੇਰੇ ਅੰਦਰ ਕੋਈ ਡਰ ਨਹੀਂ ਰਿਹਾ।
ਵੀਡੀਓ ਲਈ ਕਲਿੱਕ ਕਰੋ –