ਰਾਗੁ ਸੂਹੀ ਮਹਲਾ ੧ ਘਰੁ ੩
ੴ ਸਤਿਗੁਰ ਪ੍ਰਸਾਦਿ ॥
ਆਵਹੁ ਸਜਣਾ ਹਉ ਦੇਖਾ ਦਰਸਨੁ ਤੇਰਾ ਰਾਮ ॥ ਘਰਿ ਆਪਨੜੈ ਖੜੀ ਤਕਾ ਮੈ ਮਨਿ ਚਾਉ ਘਨੇਰਾ ਰਾਮ ॥ ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥ ਦਰਸਨੁ ਦੇਖਿ ਭਈ ਨਿਹਕੇਵਲ ਜਨਮ ਮਰਣ ਦੁਖੁ ਨਾਸਾ ॥ ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥ ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥੧॥
ਹੇ ਸੱਜਣ-ਪ੍ਰਭੂ! ਆ, ਮੈਂ ਤੇਰਾ ਦਰਸਨ ਕਰ ਸਕਾਂ। (ਹੇ ਸੱਜਣ!) ਮੈਂ ਆਪਣੇ ਹਿਰਦੇ ਵਿਚ ਪੂਰੀ ਸਾਵਧਾਨਤਾ ਨਾਲ ਤੇਰੀ ਉਡੀਕ ਕਰ ਰਹੀ ਹਾਂ, ਮੇਰੇ ਮਨ ਵਿਚ ਬੜਾ ਹੀ ਚਾਉ ਹੈ (ਕਿ ਮੈਨੂੰ ਤੇਰਾ ਦਰਸਨ ਹੋਵੇ)। ਹੇ ਮੇਰੇ ਪ੍ਰਭੂ! (ਮੇਰੀ ਬੇਨਤੀ) ਸੁਣ, ਮੇਰੇ ਮਨ ਵਿਚ (ਤੇਰੇ ਦਰਸਨ ਲਈ) ਬੜਾ ਹੀ ਚਾਉ ਹੈ, ਮੈਨੂੰ ਆਸਰਾ ਭੀ ਤੇਰਾ ਹੀ ਹੈ। (ਹੇ ਪ੍ਰਭੂ!) ਜਿਸ ਜੀਵ-ਇਸਤ੍ਰੀ ਨੇ ਤੇਰਾ ਦਰਸਨ ਕਰ ਲਿਆ, ਉਹ ਪਵਿੱਤ੍ਰ-ਆਤਮਾ ਹੋ ਗਈ, ਉਸ ਦਾ ਜਨਮ ਮਰਨ ਦਾ ਦੁੱਖ ਦੂਰ ਹੋ ਗਿਆ। ਉਸ ਨੇ ਸਾਰੇ ਜੀਵਾਂ ਵਿਚ ਤੈਨੂੰ ਹੀ ਵੱਸਦਾ ਪਛਾਣ ਲਿਆ, ਉਸ ਦੇ ਪ੍ਰੇਮ (ਦੀ ਖਿੱਚ) ਦੀ ਰਾਹੀਂ ਤੂੰ ਉਸ ਨੂੰ ਮਿਲ ਪਿਆ। ਹੇ ਨਾਨਕ! ਸੱਜਣ ਪ੍ਰਭੂ ਤੋਂ ਸਦਕੇ ਹੋਣਾ ਚਾਹੀਦਾ ਹੈ। ਜੇਹੜੀ ਜੀਵ-ਇਸਤ੍ਰੀ ਉਸ ਦੇ ਸਦਾ-ਥਿਰ ਨਾਮ ਵਿਚ ਜੁੜਦੀ ਹੈ, ਉਸ ਦੇ ਹਿਰਦੇ ਵਿਚ ਉਹ ਆ ਪ੍ਰਗਟਦਾ ਹੈ।੧।
Raag Soohee, First Mehl, Third House: One Universal Creator God. By The Grace Of The True Guru: Come, my friend, so that I may behold the blessed Vision of Your Darshan. I stand in my doorway, watching for You; my mind is filled with such a great yearning. My mind is filled with such a great yearning; hear me, O God – I place my faith in You. Gazing upon the Blessed Vision of Your Darshan, I have become free of desire; the pains of birth and death are taken away. Your Light is in everyone; through it, You are known. Through love, You are easily met. O Nanak, I am a sacrifice to my Friend; He has come home to meet with those who are true. ||1||