ਵਡਹੰਸੁ ਮਹਲਾ ੫ ॥
ਪ੍ਰਭ ਕਰਣ ਕਾਰਣ ਸਮਰਥਾ ਰਾਮ ॥ ਰਖੁ ਜਗਤੁ ਸਗਲ ਦੇ ਹਥਾ ਰਾਮ ॥ ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥ ਹੰਉ ਕੁਰਬਾਣੀ ਦਾਸ ਤੇਰੇ ਜਿਨੀ ਏਕੁ ਪਛਾਤਾ ॥ ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥ ਬਿਨਵੰਤਿ ਨਾਨਕ ਸੁਣਹੁ ਬਿਨਤੀ ਪ੍ਰਭ ਕਰਣ ਕਾਰਣ ਸਮਰਥਾ ॥੧॥ ਏਹਿ ਜੀਅ ਤੇਰੇ ਤੂ ਕਰਤਾ ਰਾਮ ॥ ਪ੍ਰਭ ਦੂਖ ਦਰਦ ਭ੍ਰਮ ਹਰਤਾ ਰਾਮ ॥ ਭ੍ਰਮ ਦੂਖ ਦਰਦ ਨਿਵਾਰਿ ਖਿਨ ਮਹਿ ਰਖਿ ਲੇਹੁ ਦੀਨ ਦੈਆਲਾ ॥ ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥ ਜੋ ਸਰਣਿ ਆਵੈ ਗੁਣ ਨਿਧਾਨ ਪਾਵੈ ਸੋ ਬਹੁੜਿ ਜਨਮਿ ਨ ਮਰਤਾ ॥ ਬਿਨਵੰਤਿ ਨਾਨਕ ਦਾਸੁ ਤੇਰਾ ਸਭਿ ਜੀਅ ਤੇਰੇ ਤੂ ਕਰਤਾ ॥੨॥ ਆਠ ਪਹਰ ਹਰਿ ਧਿਆਈਐ ਰਾਮ ॥ ਮਨ ਇਛਿਅੜਾ ਫਲੁ ਪਾਈਐ ਰਾਮ ॥ ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥ ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥ ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥ ਬਿਨਵੰਤਿ ਨਾਨਕ ਦਿਨਸੁ ਰੈਣੀ ਸਦਾ ਹਰਿ ਹਰਿ ਧਿਆਈਐ ॥੩॥ ਦਰਿ ਵਾਜਹਿ ਅਨਹਤ ਵਾਜੇ ਰਾਮ ॥ ਘਟਿ ਘਟਿ ਹਰਿ ਗੋਬਿੰਦੁ ਗਾਜੇ ਰਾਮ ॥ ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥ ਗੁਣ ਬੇਅੰਤ ਕਿਛੁ ਕਹਣੁ ਨ ਜਾਈ ਕੋਇ ਨ ਸਕੈ ਪਹੂਚਾ ॥ ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥ ਬਿਨਵੰਤਿ ਨਾਨਕ ਸੁਖੁ ਨਾਮਿ ਭਗਤੀ ਦਰਿ ਵਜਹਿ ਅਨਹਦ ਵਾਜੇ ॥੪॥੩॥
ਹੇ ਜਗਤ ਦੇ ਮੂਲ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! (ਆਪਣਾ) ਹੱਥ ਦੇ ਕੇ ਸਾਰੇ ਜਗਤ ਦੀ ਰੱਖਿਆ ਕਰ। ਹੇ ਸਭ-ਤਾਕਤਾਂ ਦੇ ਮਾਲਕ! ਹੇ ਸਰਨ ਪਏ ਦੀ ਸਹਾਇਤਾ ਕਰ ਸਕਣ ਵਾਲੇ ਮਾਲਕ! ਹੇ ਕਿਰਪਾ ਦੇ ਖ਼ਜ਼ਾਨੇ! ਹੇ ਸੁਖਦਾਤੇ! ਮੈਂ ਤੇਰੇ ਉਹਨਾਂ ਸੇਵਕਾਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਨੇ ਤੇਰੇ ਨਾਲ ਸਾਂਝ ਪਾਈ ਹੈ। ਹੇ ਪ੍ਰਭੂ! ਤੇਰਾ ਕੋਈ ਰੰਗ ਤੇਰਾ ਕੋਈ ਨਿਸ਼ਾਨ ਦੱਸਿਆ ਨਹੀਂ ਜਾ ਸਕਦਾ, ਤੇਰਾ ਸਰੂਪ ਬਿਆਨ ਤੋਂ ਬਾਹਰ ਹੈ। ਨਾਨਕ ਬੇਨਤੀ ਕਰਦਾ ਹੈ ਕਿ ਹੇ ਪ੍ਰਭੂ! ਹੇ ਜਗਤ ਦੇ ਮੂਲ! ਹੇ ਸਭ ਤਾਕਤਾਂ ਦੇ ਮਾਲਕ! ਮੇਰੀ ਬੇਨਤੀ ਸੁਣ ॥੧॥ ਹੇ ਪ੍ਰਭੂ! (ਸੰਸਾਰ ਦੇ) ਇਹ ਸਾਰੇ ਜੀਵ ਤੇਰੇ ਹਨ, ਤੂੰ ਇਹਨਾਂ ਦਾ ਪੈਦਾ ਕਰਨ ਵਾਲਾ ਹੈਂ, ਤੂੰ ਸਭ ਜੀਵਾਂ ਨੂੰ ਦੁੱਖਾਂ ਕਲੇਸ਼ਾਂ ਭਰਮਾਂ ਤੋਂ ਬਚਾਣ ਵਾਲਾ ਹੈਂ। ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਤੂੰ (ਸਾਰੇ ਜੀਵਾਂ ਦੇ) ਭਰਮ ਦੁੱਖ ਕਲੇਸ਼ ਇਕ ਖਿਨ ਵਿਚ ਦੂਰ ਕਰ ਕੇ ਬਚਾ ਲੈਂਦਾ ਹੈਂ। ਹੇ ਗੋਪਾਲ! ਤੂੰ (ਸਭ ਜੀਵਾਂ ਦਾ) ਮਾਂ ਪਿਉ ਮਾਲਕ ਤੇ ਸੱਜਣ ਹੈਂ, ਸਾਰਾ ਜਗਤ ਤੇਰੇ ਬੱਚੇ ਹਨ। ਹੇ ਪ੍ਰਭੂ! ਜੇਹੜਾ ਜੀਵ ਤੇਰੀ ਸਰਨ ਆਉਂਦਾ ਹੈ ਉਹ (ਤੇਰੇ ਦਰ ਤੋਂ ਤੇਰੇ) ਗੁਣਾਂ ਦੇ ਖ਼ਜ਼ਾਨੇ ਹਾਸਲ ਕਰ ਲੈਂਦਾ ਹੈ, ਉਹ ਮੁੜ ਨਾਹ ਜੰਮਦਾ ਹੈ ਨਾਹ ਮਰਦਾ ਹੈ। ਹੇ ਪ੍ਰਭੂ! ਤੇਰਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਜਗਤ ਦੇ ਸਾਰੇ ਜੀਵ ਤੇਰੇ ਹਨ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੨॥ ਅੱਠੇ ਪਹਰ (ਹਰ ਵੇਲੇ) ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ, (ਸਿਮਰਨ ਦੀ ਬਰਕਤਿ ਨਾਲ ਪ੍ਰਭੂ ਦੇ ਦਰ ਤੋਂ) ਮਨ-ਚਿਤਵਿਆ ਫਲ ਪ੍ਰਾਪਤ ਕਰ ਲਈਦਾ ਹੈ। ਮਨੋ-ਕਾਮਨਾ ਹਾਸਲ ਕਰ ਲਈਦੀ ਹੈ ਪਰਮਾਤਮਾ ਦਾ ਸਿਮਰਨ ਕਰਨ ਨਾਲ, ਇੰਜ ਜਮਰਾਜ ਦੇ ਸਾਰੇ ਸਹਮ ਭੀ ਮੁੱਕ ਜਾਂਦੇ ਹਨ। ਜਿਸ ਮਨੁੱਖ ਨੇ ਸਾਧ ਸੰਗਤ ਵਿਚ ਜਾ ਕੇ ਗੋਬਿੰਦ ਦੀ ਸਿਫ਼ਤ-ਸਾਲਾਹ ਕੀਤੀ, ਉਸ ਦੀ (ਹਰੇਕ) ਆਸ ਪੂਰੀ ਹੋ ਗਈ। ਅਹੰਕਾਰ, ਮੋਹ, ਸਾਰੇ ਵਿਕਾਰ ਦੂਰ ਕਰ ਕੇ ਪਰਮਾਤਮਾ ਦੇ ਮਨ ਵਿਚ ਭਾ ਜਾਈਦਾ ਹੈ। ਨਾਨਕ ਬੇਨਤੀ ਕਰਦਾ ਹੈ ਕਿ ਦਿਨ ਰਾਤ ਸਦਾ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ॥੩॥ ਜਿਸ ਦੇ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਵਾਜੇ ਸਦਾ ਵੱਜਦੇ ਹਨ, ਉਸ ਨੂੰ ਪਰਮਾਤਮਾ ਹਰੇਕ ਸਰੀਰ ਵਿਚ ਪ੍ਰਤੱਖ ਵੱਸਦਾ ਦਿੱਸਦਾ ਹੈ। ਪਰਮਾਤਮਾ ਸਦਾ ਹਰੇਕ ਸਰੀਰ ਵਿਚ ਪ੍ਰਤੱਖ ਵੱਸ ਰਿਹਾ ਹੈ, ਉਹ ਅਪੁੰਚ ਪ੍ਰਭੂ ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੈ, ਉਹ ਸਭ ਤੋਂ ਉੱਚਾ ਹੈ। ਪਰਮਾਤਮਾ ਵਿਚ ਬੇਅੰਤ ਗੁਣ ਹਨ, ਉਸ ਦੇ ਸਰੂਪ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ, ਕੋਈ ਮਨੁੱਖ ਉਸ ਦੇ ਗੁਣਾਂ ਦੇ ਅਖ਼ੀਰ ਤਕ ਨਹੀਂ ਪਹੁੰਚ ਸਕਦਾ। ਪਰਮਾਤਮਾ ਆਪ ਸਭ ਨੂੰ ਪੈਦਾ ਕਰਦਾ ਹੈ, ਆਪ ਹੀ ਪਾਲਣਾ ਕਰਦਾ ਹੈ, ਸਾਰੇ ਜੀਅ ਜੰਤ ਉਸ ਨੇ ਆਪ ਹੀ ਬਣਾਏ ਹੋਏ ਹਨ। ਨਾਨਕ ਬੇਨਤੀ ਕਰਦਾ ਹੈ ਕਿ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਪਰਮਾਤਮਾ ਦੀ ਭਗਤੀ ਕੀਤਿਆਂ ਆਨੰਦ ਪ੍ਰਾਪਤ ਹੁੰਦਾ ਹੈ ਤੇ ਇਕ-ਰਸ ਵਾਜੇ ਵੱਜ ਪੈਂਦੇ ਹਨ ॥੪॥੩॥
Wadahans, Fifth Mehl: God is the all-powerful Creator, the Cause of causes.He preserves the whole world, reaching out with His hand.He is the all-powerful, safe Sanctuary, Lord and Master, Treasure of mercy, Giver of peace. I am a sacrifice to Your slaves, who recognize only the One Lord. His color and shape cannot be seen; His description is indescribable. Prays Nanak, hear my prayer, O God, Almighty Creator, Cause of causes. ||1|| These beings are Yours; You are their Creator. God is the Destroyer of pain, suffering and doubt. Eliminate my doubt, pain and suffering in an instant, and preserve me, O Lord, Merciful to the meek. You are mother, father and friend, O Lord and Master; the whole world is Your child, O Lord of the World. One who comes seeking Your Sanctuary, obtains the treasure of virtue, and does not have to enter the cycle of birth and death again. Prays Nanak, I am Your slave. All beings are Yours; You are their Creator. ||2|| Meditating on the Lord, twenty-four hours a day, the fruits of the heart’s desires are obtained. Your heart’s desires are obtained, meditating on God, and the fear of death is dispelled. I sing of the Lord of the Universe in the Saadh Sangat, the Company of the Holy, and my hopes are fulfilled. Renouncing egotism, emotional attachment and all corruption, we become pleasing to the Mind of God. Prays Nanak, day and night, meditate forever on the Lord, Har, Har. ||3|| At the Lord’s Door, the unstruck melody resounds. In each and every heart, the Lord, the Lord of the Universe, sings. The Lord of the Universe sings, and abides forever; He is unfathomable, profoundly deep, lofty and exalted. His virtues are infinite – none of them can be described. No one can reach Him. He Himself creates, and He Himself sustains; all beings and creatures are fashioned by Him. Prays Nanak, happiness comes from devotional worship of the Naam; at His Door, the unstruck melody resounds. ||4||3||