ਵਡਹੰਸੁ ਮਹਲਾ ੩ ॥
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥ ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥ ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ ॥ ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ ॥ ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥੧॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ! ਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ। ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ। ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ। ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ। ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!॥੧॥
Wadahans, Third Mehl: Listen, O brides of the Lord: serve your Beloved Husband Lord, and contemplate the Word of His Shabad. The worthless bride does not know her Husband Lord – she is deluded; forgetting her Husband Lord, she weeps and wails. She weeps, thinking of her Husband Lord, and she cherishes His virtues; her Husband Lord does not die, and does not leave. As Gurmukh, she knows the Lord; through the Word of His Shabad, He is realized; through True Love, she merges with Him. She who does not know her Husband Lord, the Architect of karma, is deluded by falsehood – she herself is false. Listen, O brides of the Lord: serve your Beloved Husband Lord, and contemplate the Word of His Shabad. ||1||