baba deep singh ji: ਮੁਖੀ ਬਾਬਾ ਦੀਪ ਸਿੰਘ ਜੀ ਸ਼ਹੀਦ ਦਾ ਜਨਮ ਪਿੰਡ ਪਹੂਵਿੰਡ ਜ਼ਿਲ੍ਹਾ ਅੰਮ੍ਰਿਤਸਰ ਵਿਚ 1682 ਈ: ਨੂੰ ਹੋਇਆ। ਬਾਬਾ ਜੀ ਦੇ ਪਿਤਾ ਦਾ ਨਾਮ ਭਗਤਾ ਜੀ ਸੀ ਅਤੇ ਮਾਤਾ ਦਾ ਨਾਮ ਜਿਉਣੀ ਸੀ। ਆਪ ਜੀ ਨੂੰ ਛੋਟੀ ਉਮਰ ਵਿਚ ਹੀ ਗੁਰਬਾਣੀ ਪੜ੍ਹਨ, ਕੀਰਤਨ ਕਰਨ, ਅਤੇ ਸਵੇਰੇ ਸ਼ਾਮ ਸਤਿਸੰਗ ਕਰਨ ਦਾ ਬੜਾ ਸ਼ੌਕ ਸੀ। ਜਦੋਂ ਵੀ ਸਮਾਂ ਮਿਲਦਾ ਆਪ ਜੀ ਘੋੜ ਸਵਾਰੀ, ਸ਼ਸਤਰ ਵਿਦਿਆ, ਨੇਜ਼ਾ ਬਾਜੀ ਦਾ ਅਭਿਆਸ ਕਰਿਆ ਕਰਦੇ ਸਨ। ਆਪ ਜੀ ਦਾ ਸੁਭਾਅ ਬੜਾ ਮਿੱਠਾ ਅਤੇ ਉੱਚਾ ਸੁੱਚਾ ਆਚਰਣ ਸੀ। ਇਲਾਕੇ ਦੇ ਲੋਕ ਆਪ ਜੀ ਦੀਆਂ ਧਾਰਮਿਕ ਰੁਚੀਆਂ ਨੂੰ ਮੁਖ ਰੱਖ ਕੇ ਆਪ ਜੀ ਦਾ ਬਹੁਤ ਸਤਿਕਾਰ ਕਰਦੇ ਸਨ । ਮੁਕਤਸਰ ਦੀ ਜੰਗ ਉਪਰੰਤ 1704 ‘ਚ ਸ੍ਰੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਪਹੁੰਚੇ। ਉੱਥੇ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਨਾਲ ਕੀਤੇ ਵਾਅਦੇ ਮੁਤਾਬਿਕ ਸਿੰਘਾਂ ਨੂੰ ਗੁਰਬਾਣੀ ਦੇ ਅਰਥ ਪੜ੍ਹਾਉਣ ਲਈ ਧੀਰ ਮੱਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣੇ ਨਾਂਹ ਹੋਣ ਕਾਰਣ ਗੁਰਬਾਣੀ ਲਿਖਵਾਉਣੀ ਆਰੰਭ ਕੀਤੀ। ਗੁਰੂ ਸਾਹਿਬ ਜੀ ਨਿਤਾਪ੍ਰਤੀ ਤੰਬੂ ਵਿਚ ਬੈਠ ਕੇ ਗੁਰਬਾਣੀ ਉਚਾਰਦੇ, ਭਾਈ ਮਨੀ ਸਿੰਘ ਜੀ ਗੁਰਬਾਣੀ ਲਿਖਦੇ, ਬਾਬਾ ਦੀਪ ਸਿੰਘ ਜੀ ਸ਼ਹੀਦ ਲਿਖਣ ਦਾ ਸਾਮਾਨ ਕਲਮਾਂ, ਸਿਆਹੀ ਅਤੇ ਕਾਗ਼ਜ਼ ਦਾ ਪ੍ਰਬੰਧ ਕਰਿਆ ਕਰਦੇ, ਸ਼ਾਮ ਨੂੰ ਗੁਰੂ ਸਾਹਿਬ ਉਚਾਰੀ ਹੋਈ ਬਾਣੀ ਦੇ ਅਰਥ ਸਾਰੇ ਸਿੰਘਾਂ ਨੂੰ ਸੁਣਾਉਂਦੇ।
ਇਸ ਪ੍ਰਕਾਰ ਨੂੰ ਮਹੀਨੇ ਨੂੰ ਦਿਨ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਹੋਈ, ਇਹ ਬੀੜ ਦਮਦਮੇ ਸਾਹਿਬ ਤਿਆਰ ਹੋਣ ਕਰਕੇ ‘ਦਮਦਮੀ ਬੀੜ ਨਾਲ ਪ੍ਰਸਿੱਧ ਹੈ। ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹ ਕੇ ਦਸਮੇਸ਼ ਪਿਤਾ ਜੀ ਜਦੋਂ ਸ੍ਰੀ ਹਜ਼ੂਰ ਸਾਹਿਬ ਗਏ ਤਾਂ ਬਾਬਾ ਦੀਪ ਸਿੰਘ ਜੀ ਸ਼ਹੀਦ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਹੀ ਗਏ। ਜਿਸ ਸਮੇਂ ਗੁਰੂ ਸਾਹਿਬ ਜੀ ਨੇ ਸ੍ਰੀ ਹਜੂਰਿ ਸਾਹਿਬ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਤੇ ਸੁਸ਼ੋਭਿਤ ਕੀਤਾ, ਉਸ ਸਮੇਂ ਭਾਈ ਮਨੀ ਸਿੰਘ ਜੀ ਨੇ ਤਾਬਿਆ ਚੌਰ ਸਾਹਿਬ ਜੀ ਦੀ ਸੇਵਾ ਕੀਤੀ ਅਤੇ ਬਾਬਾ ਦੀਪ ਸਿੰਘ ਜੀ, ਪਿਆਰੇ ਧਰਮ ਸਿੰਘ ਜੀ, ਭਾਈ ਹਰਿ ਸਿੰਘ ਜੀ, ਭਾਈ ਸੰਤੋਖ ਸਿੰਘ ਜੀ, ਭਾਈ ਗੁਰਬਖ਼ਸ਼ ਸਿੰਘ ਸ਼ਹੀਦ ਜੀ ਨੂੰ ਦਸਮੇਸ਼ ਪਿਤਾ ਜੀ ਨੇ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪਾਸ ਖੜ੍ਹੇ ਕਰਕੇ ਗੁਰਤਾ ਗੱਦੀ ਦਾ ਅਰਦਾਸਾ ਸੋਧਿਆ।
ਦੋਹਿਰਾ । ਅਬਚਲ ਨਗਰ ਸਤਿਗੁਰ ਗਏ, ਤੁਰਕਨਿ ਕੋ ਕਰ ਨਾਸ ।
ਅਨਦ ਧਾਰ ਤਹਿ ਠਾਂ ਰਹੈ, ਅਚਰਜ ਜਾਹਿ ਬਿਲਾਸ ।
ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੁ, ਗੁਰਤਾ ਦੇ ਦਸਮੇਸ਼ ।
ਪੰਚ ਸਿੰਘ ਤਾਬਿਆ ਖੜੇ ਨਾਮੁ ਸੁਣੋ ਸੁਭ ਵੇਸ ।
ਮਨੀ ਸਿੰਘ ਤਾਬਿਆ ਸਜੇ, ਚੌਰਦਾਰ ਕੇ ਭਾਇ ।
ਧਰਮ ਸਿੰਘ ਹਰਿ ਸਿੰਘ, ਗੁਰਬਖ਼ਸ਼ ਸਿੰਘ ਸੁਨਾਇ ।
ਸੰਤੋਖ ਸਿੰਘ ਜੀ ਦੀਪ ਸਿੰਘ, ਪਾਂਚੋ ਸਿੰਘ ਸੁਜਾਨ ।
ਜਿਵ ਗੁਰ ਸ੍ਰੀ ਚਮਕੌਰ ਮੇ, ਗੁਰੂ ਖਾਲਸਾ ਠਾਨ ।