babe nanak di gurmit: ਕਿਸੇ ਵੀ ਸਮਕਾਲ ‘ਚ ਇਕ ਨਾਲੋਂ ਵੱਧ ਧਰਮ ਆਪਣੀ-ਆਪਣੀ ਚਾਲੇ ਚੱਲਦੇ ਰਹਿੰਦੇ ਹਨ। ਇਸ ਧਾਰਮਿਕ ਵਰਤਾਰੇ ਨੂੰ ਸਮਝਣ ਲਈ ਇਹ ਕਹਿਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਕ ਪਰਮਾਤਮਾ ਤੱਕ ਪਹੁੰਚਣ ਦੇ ਵੱਖ-ਵੱਖ ਮਾਰਗ ਹੀ ਵੱਖ-ਵੱਖ ਧਰਮ ਕਹਾਉਂਦੇ ਰਹੇ ਹਨ। ਇਸ ਦੇ ਬਾਵਜੂਦ ਧਰਮਾਂ ਵਿਚਕਾਰ ਸਹਿਹੋਂਦ ਸਥਾਪਤ ਕਰਨ ਦਾ ਰਾਹ ਰੁਕਿਆ ਰਿਹਾ ਹੈ। ਇਸ ਦੇ ਬਾਵਜੂਦ ਮਾਨਵ ਚੇਤਨਾ ਦੀਆਂ ਅਹਿਮ ਉਡਾਰੀਆਂ ਦੇ ਸ੍ਰੋਤ ਧਰਮਾਂ ਦੇ ਧਰਮ-ਗ੍ਰੰਥ ਪਰਵਾਨ ਕੀਤੇ ਜਾਂਦੇ ਰਹੇ ਹਨ। ਮੰਨਿਆ ਇਹੀ ਜਾਂਦਾ ਰਿਹਾ ਹੈ ਕਿ ਧਰਮ ਵਿਹੂਣ ਬੰਦੇ ਦੀ ਕਲਪਨਾ ਹੀ ਨਹੀਂ ਕੀਤੀ ਜਾ ਸਕਦੀ। ਏਸੇ ਕਰਕੇ ਹਰ ਧਰਮ ਨੇ ਧਰਮੀਆਂ ਅਤੇ ਅਧਰਮੀਆਂ ਦੀਆਂ ਕੋਟੀਆਂ ਪੈਦਾ ਕੀਤੀਆਂ ਹੋਈਆਂ ਹਨ। ਇਸ ਵੰਡ ਦਾ ਆਧਾਰ ਆਸਥਾ ਨੂੰ ਮੰਨਿਆ ਜਾਂਦਾ ਰਿਹਾ ਹੈ। ਧਰਮ ਨੂੰ ਆਸਥਾ-ਧੜਿਆ ਜਾਂ ਆਸਥਾ-ਭਾਈਚਾਰਿਆਂ ਵਿਚਕਾਰ ਵੰਡਣ ਦੀਆਂ ਕੋਸ਼ਿਸ਼ਾਂ ਵੀ ਨਾਲੋਂ-ਨਾਲ ਚੱਲਦੀਆਂ ਰਹੀਆਂ ਹਨ।
ਇਸ ਸੁਰ ‘ਚ ਧਾਰਮਿਕ ਦਾਹਵੇਦਾਰੀਆਂ ਆਪਸ ‘ਚ ਟਕਰਾਉਂਦੀਆਂ ਵੀ ਰਹੀਆਂ ਹਨ। ਧਰਮਾਂ ਦੇ ਅੰਦਰ ਪੈਦਾ ਹੋਣ ਵਾਲੇ ਟਕਰਾਵਾਂ ਨੂੰ ਸਬੰਧਤ ਧਰਮ ਦੇ ਸਿਧਾਂਤ ਅਤੇ ਰਹਿਤ ਨੂੰ ਲੈਕੇ ਪੈਦਾ ਹੁੰਦੇ ਰਹੇ ਹਨ। ਧਰਮ ਦੁਆਲੇ ਉਨੇ ਹੋਏ ਇਹੋ ਜਿਹੇ ਵਰਤਾਰਿਆਂ ਨੂੰ ਇਸਲਾਮ ਦੀ ਦ੍ਰਿਸ਼ਟੀ ਤੋਂ ਸ਼ੀਆ ਅਤੇ ਸੁੰਨੀਆਂ ਦੀ ਕੱਟੜ ਵੰਡ ਦੁਆਰਾ ਸਮਝਿਆ ਜਾ ਸਕਦਾ ਹੈ। ਇਹੀ ਵੰਡ ਹਿੰਦੂ ਧਰਮ ‘ਚ ਜੋਗੀਆਂ, ਬੋਧੀਆਂ ਅਤੇ ਜੈਨੀਆਂ ਆਦਿ ਦੁਆਰਾ ਸਮਝੀ ਜਾ ਸਕਦੀ ਹੈ। ਇਸ ਸਥਿਤੀ ‘ਚ ਪੈਦਾ ਹੋ ਰਹੀਆਂ ਦੁਸ਼ਵਾਰੀਆਂ ‘ਚ ਵਾਧਾ ਸਬੰਧਤ ਧਰਮਾਂ ਦੀ ਸਿਆਸਤ ਵੀ ਕਰਦੀ ਰਹੀ ਹੈ।
ਇਸ ਹਾਲਤ ‘ਚ ਇਹ ਦੱਸਣ ਦਾ ਯਤਨ ਕੀਤਾ ਜਾ ਰਿਹਾ ਹੈ ਕਿ ਬਾਬਾ ਨਾਨਕ ਦੇ ਧਰਮ ਦੀ ਲੋੜ ਕਿਉਂ ਪਈ ਅਤੇ ਧਰਮਾਂ ਦੀ ਘੜਮੱਸ ‘ਚ ਬਾਬਾ ਨਾਨਕ ਦਾ ਧਰਮ ਕਿਵੇਂ ਟਿਕਿਆ। ਇਸ ‘ਚ ਕੋਈ ਸ਼ੱਕ ਨਹੀਂ ਕਿ ਧਰਮ ਦੀ ਪੁਨਰ ਸੁਰਜੀਤੀ ਹੀ ਗੁਰੂ ਨਾਨਕ ਦੇਵ ਜੀ ਦਾ ਧਰਮ ਸੀ। ਧਰਮ ਸੰਸਥਾਪਕਾਂ ਬਾਰੇ ਇਹੀ ਪਰੰਪਰਕ ਪਹੁੰਚ ਨੂੰ ਮਾਨਤਾ ਭਾਈ ਗੁਰਦਾਸ ਨੇ ਗੁਰੂ ਨਾਨਕ ਜਗ ਮਹਿ ਪਠਾਇਆ ਕਹਿਕੇ ਦਿੱਤੀ ਹੋਈ ਹੈ।
ਏਸੇ ਦੀ ਪੁਸ਼ਟੀ ਸਿੱਖ ਸਾਹਿਤ ‘ਚ ਲਗਾਤਾਰ ਹੁੰਦੀ ਰਹੀ ਹੈ। ਏਸੇ ਨੂੰ ਸਮਝਣ ਦਾ ਯਤਨ ਹੋਣਾ ਚਾਹੀਦਾ ਹੈ।ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ-ਧਰਮ ਵੀ ਆਮ ਧਰਮਾਂ ਵਰਗਾ ਇਕ ਧਰਮ ਹੀ ਹੈ? ਇਸ ਨਾਲ ਹੀ ਜੁੜਿਆ ਹੋਇਆ ਪ੍ਰਸ਼ਨ ਇਹ ਵੀ ਹੈ ਕਿ ਕੀ ਸਿੱਖ-ਧਰਮ ਵਾਂਗ ਨਵੇਂ ਧਰਮ ਪੈਦਾ ਹੁੰਦੇ ਰਹਿਣੇ ਚਾਹੀਦੇ ਹਨ? ਇਸ ਨਾਲ ਜੁੜੀ ਹੋਈ ਇਹ ਟਿਪਣੀ ਪ੍ਰਾਪਤ ਹੈ ਕਿ ਜੋ ਜੋ ਹੋਤ ਭਇਓ ਜਗ ਸਿਆਣਾ ਤਿਨ ਤਿਨ ਆਪਣਾ ਪੰਥ ਚਲਾਣਾ। ਇਸ ਨੂੰ ਸਮਝਣ ਲਈ ਇਹ ਸਮਝਣਾ ਪਵੇਗਾ ਕਿ ਧਰਮ ਅਤੇ ਡੇਰੇਦਾਰੀ ‘ਚ ਫਰਕ ਹੈ।ਜੇ ਦੇਹੀ ਉਤਮਤਾ ਨੂੰ ਪਹਿਲ ਪ੍ਰਾਪਤ ਹੋ ਜਾਵੇ ਤਾਂ ਧਰਮ ਵੀ ਡੇਰੇਦਾਰੀ ਵਾਲੇ ਰਾਹ ਪੈ ਜਾਂਦਾ ਹੈ। ਸੋ ਬਾਬਾ ਨਾਨਕ ਸਾਹਮਣੇ ਇਹ ਸਾਰੀਆਂ ਸਮੱਸਿਆਵਾਂ ਸਨ ਅਤੇ ਇਨ੍ਹਾਂ ‘ਚ ਵਾਧਾ ਇਹ ਕਿ ਇਹ ਸਾਰਾ ਕੁਝ ਆਸਥਾ ਵਾਂਗ ਸ਼ਰਧਾ-ਮਾਨਸਿਕਤਾ ‘ਚ ਟਿਕ ਗਿਆ ਸੀ। ਇਸ ਸਾਰੇ ਕੁਝ ਨੂੰ ਨਾਲ ਲੈ ਕੇ ਕਿਵੇਂ ਤੁਰਿਆ ਜਾਵੇ, ਇਸ ਬਾਰੇ ਬਾਬਾ ਨਾਨਕ ਲਗਾਤਾਰ ਸੋਚਦੇ ਰਹੇ ਸਨ।