badshah darvesh guru gobind singh ji: ਗੁਰੂ ਗੋਬਿੰਦ ਸਿੰਘ ਜੀ, ਪੰਜਾਬ ਦੇ ਸੰਤ-ਯੋਧੇ, ਸਿੱਖਾਂ ਦੇ ਆਖਰੀ ‘ਤੇ ਦਸਵੇਂ ਗੁਰੂ ਤੇ ਸੂਰਬੀਰ ਖਾਸਲੇ ਦੇ ਕਰਤੇ ਦੇ ਤੌਰ ‘ਤੇ ਪ੍ਰਸਿੱਧ ਹਨ।ਪਰ ਉਹ ਦੁਨੀਆ ਦੇ ਸਭ ਤੋਂ ਵਧੇਰੇ ਗਲਤ-ਸਮਝੇ-ਜਾਣ ਵਾਲੇ ਮਹਾਂਪੁਰਖਾਂ ‘ਚੋਂ ਇੱਕ ਹਨ ਅਤੇ ਉਨਾਂ੍ਹ ਦੇ ਜੀਵਨ ਦਾ ਹੋਰ ਕੋਈ ਹਿੱਸਾ ਵਧੇਰੇ ਗਲਤ ਤੇ ਘੱਟ ਠੀਕ ਨਹੀਂ ਸਮਝਿਆ ਜਾਂਦਾ ਜਿੰਨਾ ਕਿ ਉਨ੍ਹਾਂ ਦੇ ਆਖਰੀ ਦਿਨ, ਵਿਸ਼ੇਸ ਕਰਕੇ ਉਨ੍ਹਾਂ ਦਾ ਦੱਖਣ ਨੂੰ ਜਾਣਾ ਤੇ ਉਨ੍ਹਾਂ ਦੇ ਸ਼ਾਹ ਆਲਮ ਬਹਾਦੁਰ ਸ਼ਾਹ ਨਾਲ ਸੰਬੰਧ।ਇਸ ਲੇਖ ਵਿੱਚ ਉਨ੍ਹਾਂ ਵਾਕਿਆਤ ਉਤੇ ਚਾਨਣ ਪਾਇਆ ਗਿਆ।ਔਰੰਗਜ਼ੇਬ ਦੇ ਸੱਦੇ ‘ਤੇ ਗੁਰੂ ਗੋਬਿੰਦ ਸਿੰਘ ਜੀ ਦਾ ਉੱਤਰ- ਚਮਕੌਰ ਦੇ ਜੰਗ ਪਿੱਛੋਂ ਗੁਰੂ ਸਾਹਿਬ ਬਰਾੜਾਂ ਦੇ ਇਲਾਕੇ ਬਠਿੰਡੇ ਦੇ ਰੇਤ-ਥਲਾਂ ਦੀ ਤਰਫ ਜਾ ਰਹੇ ਸਨ ਜਦਕਿ ਦੀਨੇ ਮੁਕਾਮ, ਪੁਰ ਆਪ ਨੂੰ ਬਾਦਸ਼ਾਹ ਔਰੰਗਜ਼ੇਬ ਵਲੋਂ ਇੱਕ ਪੱਤਰ ਪੁੱਜਾ, ਜਿਸ ਵਿੱਚ ਕਿ ਆਪ ਨੂੰ ਦੱਖਣ ਸੱਦਿਆ ਹੋਇਆ ਸੀ।ਬਾਦਸ਼ਾਹ ਦੇ ਖਤ ਦੇ ਵਿਸਥਾਰ ਦਾ ਕੁਝ ਪਤਾ ਨਹੀਂ ਚਲਦਾ।ਦੱਸਣਯੋਗ ਹੈ ਕਿ ‘ਗੁਰੂ ਸਾਹਿਬ ਨੂੰ ਪਰਵਾਨੇ ਭੇਜੇ ਗਏ ਜਿਨ੍ਹਾਂ ਵਿੱਚ ਲਿਖਿਆ ਸੀ ਕਿ ਰਾਜ ਕੇਵਲ ਇੱਕ ਹੈ, ਤੁਹਾਡੇ ਧਾਰਮਿਕ ਜਜ਼ਬਾਤ ਸਾਡੇ ਨਾਲ ਮਿਲਦੇ ਹਨ।ਸੋ ਚੰਗਾ ਹੋਵੇਗਾ ਜੇ ਤੁਸੀਂ ਇੱਥੇ ਆ ਕੇ ਸਾਨੂੰ ਮਿਲੋ, ਜੇ ਤੁਸੀਂ ਨਾ ਆਵੋਗੇ ਤਾਂ ਮੈਂ ਫੌਜਾਂ ਲੈ ਕੇ ਤੁਹਾਨੂੰ ਟੱਕਰਾਂਗਾ ਤੇ ਤੁਹਾਡੀ ਧਾਰਮਿਕ ਕੀਰਤ ਨੂੰ ਧੱਕਾ ਹੀ ਲੱਗੇਗਾ।ਤੁਸੀਂ ਮੇਰੇ ਰਾਜ ਵਿੱਚ ਹੋਰ ਸਾਧਾ ਸੰਤਾਂ ਦੀ ਤਰ੍ਹਾਂ ਰਹਿ ਸਕਦੇ ਹੋ। ਇਸਦੇ ਨਾਲ ਕੁਝ ਹੈਂਕੜ ਭਰੇ ਲਫਜ਼ ਵੀ ਸਨ ਜੋ ਕਿ ਸ਼ਾਹੀ ਪ੍ਰਵਾਨਿਆਂ ਵਿੱਚ ਆਮ ਹੁੰਦੇ ਹਨ ਤੇ ਨਾਲ ਇੱਕ ਫਿਰਕਾ ਇਸ ਭਾਵ ਦਾ ਸੀ ਕਿ ਔਰੰਗਜ਼ੇਬ ਨੂੰ ਸੱਚੇ ਖੁਦਾ ਪਾਕ ਵਲੋਂ ਮਿਲਿਆ ਹੋਇਆ ਹੈ।
ਪਰ ਗੁਰੂ ਸਾਹਿਬ ਨੇ ਸ਼ਾਹੀ ਪਿਆਦਿਆਂ ਨੂੰ ਕਿਹਾ ਕਿ ਅਸੀਂ ਪਰਵਾਨਿਆਂ ਦਾ ਵਿਸਥਾਰ ਪੂਰਵਕ ਜਵਾਬ ਦਿਆਂਗੇ ਤੇ ਬਾਦਸ਼ਾਹ ਵਲੋਂ ਦੂਜੇ ਖ਼ਤ ਦੀ ਉਡੀਕ ਕਰਾਂਗੇ ਤੇ ਜੇ ਫਿਰ ਵੀ ਉਸਨੇ ਚਾਹਿਆ ਤਦ ਅਸੀਂ ਚਲੇ ਚੱਲਾਂਗੇ।ਗੁਰੂ ਸਾਹਿਬ ਨੇ ਫਾਰਸੀ ਕਵਿਤਾ ਵਿੱਚ ਇੱਕ ਲੰਮਾ ਖ਼ਤ ਲਿਖਿਆ ਜਿਸ ਨੂੰ ‘ਜ਼ਫਰਨਾਮਾ’ ਕਹਿੰਦੇ ਹਨ ਤੇ ਪੰਜਾਂ ਪਿਆਰਿਆਂ ਵਿਚੋਂ ਦੋ (ਭਾਈ ਦਯਾ ਸਿੰਘ ਤੇ ਭਾਈ ਧਰਮ ਸਿੰਘ) ਦੇ ਸਪੁਰਦ ਕੀਤਾ ਕਿ ਉਹ ਬਾਦਸ਼ਾਹ ਨੂੰ ਆਪ ਜਾ ਕੇ ਦੇਣ।ਇਥੇ ਇੰਨੀ ਥਾਂ ਨਹੀਂ ਕਿ ਗੁਰੂ ਸਾਹਿਬ ਦਾ ਸਾਰੇ ਦਾ ਸਾਰਾ ਜ਼ਫਰਨਾਮਾ ਦੇ ਸਕੀਏ ਜਾਂ ਇਥੇ ਉਸ ਦਾ ਉਲਟਾ ਕਰ ਸਕੀਏ।ਇਸ ਦਾ ਅਨੁਵਾਦ ਛਪਿਆ ਹੋਇਆ ਮਿਲਦਾ ਹੈ।ਸਾਡੇ ਮਤਲਬ ਲਈ ਇੰਨਾ ਕਾਫੀ ਹੈ ਕਿ ਇਹ ਤਾੜਕ ਨਸੀਹਤ ਦੇ ਤੌਰ ‘ਤੇ ਲਿਖਿਆ ਗਿਆ ਹੈ ਅਤੇ ਬਾਦਸ਼ਾਹ ਨੂੰ ਮੁੜ-ਮੁੜ ਦੱਸਦਾ ਹੈ ਕਿ ਗੁਰੂ ਸਾਹਿਬ ਅੱਗੇ ਹੀ ਉਸ ਦੀਆਂ (ਬਾਦਸ਼ਾਹ ਦੀਆਂ) ਕੁਰਾਨ ਦੀਆਂ ਕਸਮਾਂ ਤੋਂ ਧੋਖਾ ਖਾ ਚੁੱਕੇ ਹਨ ਅਤੇ ਹੁਣ ਦੂਜੀ ਦਫਾ ਉਨਂਾਂ੍ਹ ਉੱਪਰ ਇਤਬਾਰ ਕਰਨ ਲਈ ਉਹ ਨਹੀਂ ਮਨਾਏ ਜਾ ਸਕਦੇ।ਆਨੰਦਪੁਰ, ਸਰਸਾ ਨਦੀ ਤੇ ਚਮਕੌਰ ਦੇ ਯੁੱਧਾਂ ਦਾ ਜ਼ਿਕਰ ਕਰਦੇ ਹੋਏ ਗੁਰੂ ਸਾਹਿਬ ਉਸ ਨੂੰ ਕਹਿੰਦੇ ਹਨ ਕਿ ਸ਼ਾਹੀ ਕਰਮਚਾਰੀ ਆਪਣੇ ਇਕਰਾਰਾਂ ਤੋਂ ਮੁੱਕਰ ਗਏ ਸਨ ਅਤੇ ਉਨ੍ਹਾਂ ਅਚਾਨਕ ਹੀ ਸਾਡੇ ਉਤੇ ਆ ਧਾਵਾ ਬੋਲਿਆ ਸੀ।
ਉਨ੍ਹਾਂ ਇਹ ਭੀ ਆਖਿਆ ਕਿ ਬਾਦਸ਼ਾਹ ਦੇ ਬਖਸ਼ੀ ਦੇ ਦੀਵਾਨ ਸਭ ਝੂਠੇ ਹਨ।ਜੇ ਬਾਦਸ਼ਾਹ ਆਪਣੇ ਕੌਲ ‘ਤੇ ਪੂਰਾ ਉਤਰਦਾ ਤਦ ਸਾਰੇ ਝਗੜੇ ਛੇਤੀ ਮੁੱਕ ਸਕਦੇ ਸਨ।ਗੁਰੂ ਸਾਹਿਬ ਨੇ ਇਹ ਵੀ ਲਿਖਿਆ ਕਿ ਅਸੀਂ ਕ੍ਰਿਪਾਨ ਆਖਰੀ ਚਾਰੇ ਨੂੰ ਫੜੀ ਹੈ ਕਿਉਂਕਿ ਜਦ ਹੋਰ ਸਭ ਤਰੀਕੇ ਮੁੱਕ ਜਾਣ ਤਦ ਇਸਦਾ ਵਰਤਣਾ ਜਾਇਜ਼ ਹੈ।ਹਾਂ, ਅਸੀਂ ਬਾਦਸ਼ਾਹ ਨਾਲ ਸੁਲਾਹ ਦੀ ਗੱਲਬਾਤ ਕਰਨ ਨੂੰ ਤਿਆਰ ਹਾਂ।ਜੇ ਉਹ ਕਾਂਗੜੇ ਦੇ ਪਰਗਨੇ ਪੰਜਾਬ ਵਿਚ ਆ ਜਾਏ ਤਾਂ ਅਸੀਂ ਭੀ ਦੱਖਣ ਨੂੰ ਜਾ ਸਕਦੇ ਹਾਂ।ਜੇ ਉਸ ਵਲੋਂ ਦੂਸਰਾ ਸੱਦਾ ਆ ਜਾਏ।ਗੁਰੂ ਸਾਹਿਬ ਔਰੰਗਜ਼ੇਬ ਪਾਸੋਂ ਸਚਿਆਈ ਤੇ ਦਿਆਨਤਦਾਰੀ ਚਾਹੁੰਦੇ ਸਨ।ਗੁਰੂ ਸਾਹਿਬ ਨੇ ਲਿਖਿਆ, ”ਦੂਜਿਆਂ ਦਾ ਖੂਨ ਵਿਅਰਥ ਨਾ ਡੋਲ੍ਹੋ ਕਿਉਂਕਿ ਯਕੀਨ ਜਾਣੋ ਕਿ ਮੌਤ ਤੁਹਾਡਾ ਵੀ ਖੂਨ ਇਸੇ ਤਰਾਂ ਡੋਲ੍ਹੇਗੀ।ਜੇ ਤੁਸੀਂ ਫੌਜ ਅਤੇ ਰੁਪਏ ‘ਤੇ ਅੱਖਾਂ ਲਾਈ ਬੈਠੇ ਹੋ ਤਦ ਸਾਡੀਆਂ ਨਜ਼ਰਾਂ ਸਰਬ ਸ਼ਕਤੀਮਾਨ ਵੱਲ ਹਨ ਤੇ ਜੇ ਤੁਹਾਨੂੰ ਜ਼ੋਰ ਜਾਂ ਮਾਇਆ ਦਾ ਮਾਣ ਹੈ ਤਦ ਸਾਡਾ ਵੀ ਰੱਖਣ ਹਾਰਾ ਅਕਾਲ ਹੈ।