Beating heart of : ਸਿੱਖ ਇਤਿਹਾਸ ਨੂੰ ਸਿੱਖ ਗੁਰੂ ਸਾਹਿਬਾਨਾਂ,ਮਹਾਨ ਸੂਰਬੀਰ ਯੋਧਿਆਂ ਨੇ ਆਪਣੀਆਂ ਲਾਸਾਨੀ ਸ਼ਹਾਦਤਾਂ ਦੇ ਕੇ ਆਪਣੇ ਖੂਨ ਨਾਲ ਸਿੰਜਿਆ ਹੈ। ਉਨ੍ਹਾਂ ਵਿੱਚੋਂ ਇੱਕ ਨਾਂ ਬਾਬਾ ਬੰਦਾ ਸਿੰਘ ਬਹਾਦੁਰ ਦਾ ਵੀ ਆਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਨਾਂਦੇੜ ਵਿਖੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸਿੰਘ ਸਜਾਇਆ ਅਤੇ ਖਾਲਸੇ ਦਾ ਆਗੂ ਥਾਪ ਕੇ ਜ਼ਾਲਮਾਂ ਦੀ ਸੋਧ ਕਰਨ ਹਿੱਤ ਪੰਜਾਬ ਵੱਲ ਤੋਰ ਦਿੱਤਾ। ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਪਹਿਲਾ ਨਾਂ ਲਛਮਣ ਦੇਵ ਸੀ। ਉਨ੍ਹਾਂ ਨੂੰ ਸ਼ਿਕਾਰ ਖੇਡਣ ਦਾ ਬਹੁਤ ਸ਼ੌਕ ਸੀ। ਇੱਕ ਦਿਨ ਉਨ੍ਹਾਂ ਨੇ ਇੱਕ ਹਿਰਨੀ ਦਾ ਸ਼ਿਕਾਰ ਕੀਤਾ। ਹਿਰਨੀ ਦੇ ਪੇਟ ਵਿੱਚ ਦੋ ਬੱਚੇ ਸਨ ਜੋ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਤੜਫ਼-ਤੜਫ਼ ਕੇ ਮਰ ਗਏ। ਲਛਮਣ ਦੇਵ ਨੂੰ ਇਸ ਘਟਨਾ ਨੇ ਝੰਜੋੜ ਕੇ ਰੱਖ ਦਿੱਤਾ ਅਤੇ ਉਨ੍ਹਾਂ ਨੇ ਅੱਗੇ ਤੋਂ ਕਦੇ ਸ਼ਿਕਾਰ ਨਾ ਖੇਡਣ ਦੀ ਸਹੁੰ ਖਾਧੀ। ਹਿਰਨੀ ਦੇ ਸ਼ਿਕਾਰ ਤੋਂ ਬਾਅਦ ਉਨ੍ਹਾਂ ਦੇ ਮਨ ਵਿੱਚ ਉਦਾਸੀਨਤਾ ਦੀ ਭਾਵਨਾ ਜਾਗ ਉੱਠੀ ਤੇ ਆਪ ਜੀ ਦਾ ਨਾਮ ਮਾਧੋ ਦਾਸ ਬੈਰਾਗੀ ਪੈ ਗਿਆ।
ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜੁਲਾਈ 1710 ‘ਚ ਗੰਗਾ ਤੇ ਜਮਨਾ ਦੇ ਮੈਦਾਨੀ ਇਲਾਕਿਆਂ ‘ਤੇ ਕਬਜ਼ਾ ਕਰ ਲਿਆ। ਮਾਝੇ ਤੇ ਦੁਆਬੇ ਦੇ ਸਿੱਖ ਉੱਠ ਖੜ੍ਹੇ ਹੋਏ। ਅਕਤੂਬਰ 1710 ਤੱਕ ਕਿਲ੍ਹਾ ਭਗਵੰਤ ਰਾਏ ਤੇ ਭੀਲੋਵਾਲ ਵੀ ਸਿੱਖ ਫੌਜਾਂ ਦੇ ਕਬਜ਼ੇ ‘ਚ ਆ ਗਏ। ਸਿੱਖਾਂ ਦੀ ਚੜ੍ਹਤ ਨੇ ਹਿੰਦੁਸਤਾਨ ਦੇ ਬਾਦਸ਼ਾਹ ਬਹਾਦਰ ਸ਼ਾਹ ਨੂੰ ਭੈ-ਭੀਤ ਕਰ ਦਿੱਤਾ। ਉਸ ਨੇ ਸਿੱਖਾਂ ਕੋਲੋਂ ਜਿੱਤਿਆ ਹੋਇਆ ਇਲਾਕਾ ਲੈਣ ਲਈ ਆਪ ਪੰਜਾਬ ਵੱਲ ਕੂਚ ਕੀਤਾ। ਹਾਲਾਤ ਅਨੁਸਾਰ ਸਿੱਖਾਂ ਨੂੰ ਪਿੱਛੇ ਹਟਣਾ ਪਿਆ। ਬਾਬਾ ਬੰਦਾ ਸਿੰਘ ਬਹਾਦਰ ਸਮੇਤ ਸਿੱਖ ਲੋਹਗੜ੍ਹ ਦੇ ਕਿਲ੍ਹੇ ਆ ਟਿਕੇ। ਸ਼ਾਹੀ ਸੈਨਾ ਨੇ ਕਿਲ੍ਹੇ ਨੂੰ ਘੇਰ ਲਿਆ ਤੇ ਬਾਬਾ ਬੰਦਾ ਸਿੰਘ ਬਹਾਦਰ ਪਿੱਛੇ ਹਟ ਕੇ ਪਹਾੜਾਂ ਵੱਲ ਚਲੇ ਗਏ।
ਬੰਦਾ ਸਿੰਘ ਬਹਾਦਰ ਨੂੰ ਲਗਭਗ 737 ਸਾਥੀਆਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਫਿਰ ਪਿੰਜਰੇ ‘ਚ ਬੰਦ ਕਰ ਕੇ ਦਿੱਲੀ ਲਿਜਾਇਆ ਗਿਆ। 5 ਮਾਰਚ, 1716 ਨੂੰ ਸਿੱਖ ਕੈਦੀਆਂ ਦਾ ਕਤਲੇਆਮ ਸ਼ੁਰੂ ਹੋਇਆ। ਤਕਰੀਬਨ 100 ਸਿੱਖਾਂ ਨੂੰ ਰੋਜ਼ ਕਤਲ ਕੀਤਾ ਜਾਂਦਾ ਪਰ ਸਿੱਖ ਅਜਿੱਤ ਭਾਵਨਾ ਨਾਲ ਮੌਤ ਨੂੰ ਜੀ ਆਇਆਂ ਕਹਿੰਦੇ, ਖਿੜੇ ਚਿਹਰੇ ਨਾਲ ਸ਼ਹੀਦ ਹੁੰਦੇ ਰਹੇ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ਹੀਦੀ ਜਾਮ ਪਿਲਾਉਣ ਤੋਂ ਪਹਿਲਾਂ ਉਨ੍ਹਾਂ ਦੇ ਪੌਣੇ ਚਾਰ ਸਾਲ ਦੇ ਪੁੱਤਰ ਅਜੈ ਸਿੰਘ ਨੂੰ ਕਤਲ ਕਰ ਕੇ ਉਸ ਦਾ ਧੜਕਦਾ ਦਿਲ ਬਾਬਾ ਜੀ ਦੇ ਮੂੰਹ ਵਿਚ ਪਾਇਆ ਗਿਆ। ਉਨ੍ਹਾਂ ਦੇ ਪੁੱਤਰ ਦੀਆਂ ਆਂਦਰਾਂ ਕੱਢ ਕੇ ਉਨ੍ਹਾਂ ਦਾ ਹਾਰ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ‘ਚ ਪਾਇਆ ਗਿਆ। ਫਿਰ ਜਲਾਦ ਨੇ ਉਨ੍ਹਾਂ ਦੀਆਂ ਅੱਖਾਂ ਕੱਢੀਆਂ, ਹੱਥ ਪੈਰ ਕੱਟੇ ਗਏ, ਲਾਲ ਭਖਦੇ ਜੰਬੂਰਾਂ ਨਾਲ ਸਰੀਰ ਤੋਂ ਮਾਸ ਨੋਚਿਆ ਗਿਆ ਅਤੇ ਅੰਤ ‘ਚ ਸਿਰ ਤੇ ਧੜ ਨੂੰ ਅਲੱਗ ਕਰ ਕੇ ਟੁਕੜੇ-ਟੁਕੜੇ ਕਰ ਦਿੱਤੇ ਗਏ। ਸਿੱਖਾਂ ਦਾ ਪਹਿਲਾ ਹੁਕਮਰਾਨ ਇਸ ਤਰ੍ਹਾਂ ਸ਼ਹੀਦ ਹੋ ਗਿਆ। ਇਹ ਸ਼ਹੀਦੀ ਆਪਣੇ-ਆਪ ‘ਚ ਅਦੁੱਤੀ ਤੇ ਲਾਸਾਨੀ ਸੀ।