bhai kanhaiya ji: ਭਾਈ ਘਨੱਈਆ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਹੁਤ ਚੰਗਾ ਅਤੇ ਸ਼ਰਧਾਲੂ ਸਿੱਖ ਸੀ।ਉਹ ਇੱਕ ਨਰਮ ਦਿਲ ਵਾਲਾ ਸੀ ਅਤੇ ਸਾਰਿਆਂ ਨਾਲ ਪਿਆਰ ਨਾਲ ਰਹਿੰਦਾ ਸੀ। ਉਹ ਸਦਾ ਗੁਰੂ ਜੀ ਦੇ ਦਰਬਾਰ ਵਿੱਚ ਕੰਮ ਕਰਨ ਵਿੱਚ ਰੁੱਝਿਆ ਰਹਿੰਦਾ ਸੀ। ਜਦੋਂ ਕਿਤੇ ਦੁਸ਼ਮਨ ਦੀਆਂ ਫੌਜਾਂ ਸਿੱਖਾਂ ਉਤੇ ਹਮਲਾ ਕਰਦੀਆਂ ਅਤੇ ਸਿੱਖਾਂ ਨਾਲ ਲੜਾਈ ਹੁੰਦੀ ਸੀ ਤਾਂ ਭਾਈ ਘਨੱਈਆ ਜੀ ਆਪਣੇ ਸਾਥੀਆਂ ਸਮੇਤ ਫੱਟੜ ਸਿਪਾਹੀਆਂ ਨੂੰ ਪੀਣ ਲਈ ਪਾਣੀ ਦੇਂਦੇ ਸਨ।
ਫੱਟੜ ਸਿਪਾਹੀ ਭਾਂਵੇ ਸਿੱਖ ਸੀ ਜਾਂ ਦੁਸ਼ਮਨ ਸੀ, ਉਹ ਸਭ੍ਹ ਨੂੰ ਪੀਣ ਲਈ ਪਾਣੀ ਦਿਂਦੇ ਸਨ। ਉਹ ਕਿਸੇ ਨਾਲ ਕੋਈ ਵਿਤਕਰਾ ਨਹੀਂ ਸੀ ਕਰਦੇ। ਕਈ ਸਿਪਾਹੀ ਪਾਣੀ ਪੀ ਕੇ ਫਿਰ ਲੜਾਈ ਕਰਨ ਲਈ ਤਿਆਰ ਹੋ ਜਾਂਦੇ ਸਨ।ਕੁੱਝ ਸਿਖਾਂ ਨੇ ਦੇਖਿਆ ਕਿ ਭਾਈ ਘਨੱਈਆ ਜੀ ਦੁਸ਼ਮਨਾਂ ਨੂੰ ਪਾਣੀ ਪਿਆਂਦੇ ਹਨ। ਉਹਨਾਂ ਗੁਰੂ ਜੀ ਕੋਲ ਸ਼ਿਕਾਇਤ ਕੀਤੀ ਕਿ ਭਾਈ ਘਨੱਈਆ ਜੀ ਦੁਸ਼ਮਨਾਂ ਨੂੰ ਵੀ ਪਾਣੀ ਪਿਆਂਦੇ ਹਨ। ਕਈ ਦੁਸ਼ਮਨ ਸਿਪਾਹੀ ਪਾਣੀ ਪੀ ਕੇ ਠੀਕ ਹੋ ਜਾਂਦੇ ਹਨ ਅਤੇ ਸਾਡੇ ਨਾਲ ਫਿਰ ਲੜਨ ਲੱਗ ਪੈਂਦੇ ਹਨ।
ਇਹਨਾਂ ਸਿੱਖਾਂ ਦੀ ਇਹ ਸ਼ਿਕਾਇਤ ਸੁਣਕੇ ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਿਆ ਕਿ ਉਹ ਦੁਸ਼ਮਨ ਸਿਪਾਹੀਆਂ ਨੂੰ ਕਿਉਂ ਪਾਣੀ ਪਿਆਂਦੇ ਹਨ।
ਭਾਈ ਘਨੱਈਆ ਜੀ ਨੇ ਬੜੇ ਸਤਿਕਾਰ ਨਾਲ ਗੁਰੂ ਜੀ ਨੂੰ ਉੱਤਰ ਦਿੱਤਾ ਕਿ ਗੁਰੂ ਜੀ ਮੈਂ ਸਭ੍ਹ ਵਿੱਚ ਰੱਬ ਦੇਖਦਾ ਹਾਂ। ਮੈਨੂੰ ਸਾਰਿਆਂ ਵਿੱਚ ਤੁਹਾਡਾ ਹੀ ਸਰੂਪ ਦਿਸਦਾ ਹੈ। ਇਸ ਲਈ ਮੈਂ ਸਭ੍ਹ ਨੂੰ ਰੱਬ ਦੇ ਜੀਵ ਸਮਝ ਕੇ ਸਭ੍ਹ ਨੂੰ ਪਾਣੀ ਪਿਆਂਦਾ ਹਾਂ।ਗੁਰੂ ਜੀ ਭਾਈ ਘਨੱਈਆ ਜੀ ਦਾ ਇਹ ਉੱਤਰ ਸੁਣਕੇ ਬਹੁਤ ਖੁੱਸ਼ ਹੋਏ।ਗੁਰੂ ਜੀ ਨੇ ਸ਼ਿਕਾਇਤ ਕਰਨ ਵਾਲਿਆਂ ਨੂੰ ਪਿਆਰ ਨਾਲ ਸਮਝਾਇਆ ਕਿ ਅਸੀਂ ਸਭ੍ਹ ਇੱਕ ਪ੍ਰਮਾਤਮਾ ਦੇ ਬੱਚੇ ਹਾਂ ਅਤੇ ਸਾਡੀ ਕਿਸੇ ਨਾਲ ਦੁਸ਼ਮਨੀ ਨਹੀਂ।
ਸਾਡੀ ਦੁਸ਼ਮਨੀ ਤਾਂ ਅਤਿਆਚਾਰ, ਹੰਕਾਰ ਅਤੇ ਧੱਕੇ ਵਿਰੁੱਧ ਹੈ ਜਿਸ ਨੂੰ ਭਾਈ ਘਨੱਈਆ ਜੀ ਨੇ ਠੀਕ ਸਮਝਿਆ ਹੈ।ਗੁਰੂ ਜੀ ਨੇ ਭਾਈ ਘਨੱਈਆ ਜੀ ਨੂੰ ਮਲਮ ਅਤੇ ਪੱਟੀਆਂ ਵੀ ਦਿੱਤੀਆਂ ਅਤੇ ਕਿਹਾ ਜਾਉ, ਸਾਰਿਆਂ ਨੂੰ ਪਾਣੀ ਪਿਆਣ ਦੇ ਨਾਲ ਨਾਲ, ਉਹਨਾਂ ਦੇ ਫੱਟ ਸਾਫ ਕਰਕੇ, ਮਲਮ ਲਗਾ ਕੇ ਪੱਟੀ ਵੀ ਬੰਨ੍ਹ ਦਿਆ ਕਰੋ।