ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤ॥
bhai mani sigh ji: ਭਾਈ ਮਨੀ ਸਿੰਘ ਦੀ ਸ਼ਹੀਦੀ ਦਾ ਸੰਦਰਭ ਪੰਜਾਬ ਵਿੱਚ ਹਰ ਫਿਰਕੇ ਨੂੰ ਧਾਰਮਿਕ ਸੁਤੰਤਰਤਾ ਦਾ ਹੱਕ ਰੱਖਣ ਲਈ ਲੜੇ ਜਾ ਰਹੇ ਸਿੱਖ ਯੁੱਧ ਅੰਦਰ ਵਿਦਮਾਨ ਹੈ। ਇਸ ਪ੍ਰਸੰਗ ਅਧੀਨ ਭਾਈ ਮਨੀ ਸਿੰਘ ਨੇ ਸਮੇਂ ਦੇ ਹਾਕਮਾਂ ਵੱਲੋਂ ਸਿੱਖਾਂ ਦੇ ਧਾਰਮਿਕ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿੱਚ ਪੁਰਬ ਮਨਾਉਣ ਉਤੇ ਲਗਾਈ ਸਰਕਾਰੀ ਪਾਬੰਦੀ ਨੂੰ ਵਾਪਸ ਕਰਾਉਣ ਦਾ ਯਤਨ ਕੀਤਾ ਸੀ। ਸਿੱਖ ਪੰਥ ਨੇ ਭਾਈ ਮਨੀ ਸਿੰਘ ਨੂੰ ਇਸ ਕਾਰਜ ਲਈ ਮੁਖੀ ਥਾਪਿਆ ਸੀ। ਸੂਬਾ ਲਾਹੌਰ ਜ਼ਕਰੀਆ ਖਾਨ ਨੇ ਇਸ ਪਾਬੰਦੀ ਨੂੰ ਹਟਾਉਣ ਬਦਲੇ ਪੰਜ ਹਜ਼ਾਰ ਰੁਪਏ ਅਦਾ ਕਰਨ ਦੀ ਸ਼ਰਤ ਰੱਖੀ ਸੀ। ਭਾਈ ਮਨੀ ਸਿੰਘ ਨੇ ਇਸ ਸ਼ਰਤ ਨੂੰ ਪ੍ਰਵਾਨ ਕਰਦਿਆਂ ਸਿੱਖ ਸੰਗਤ ਨੂੰ ਦੀਵਾਲੀ ਦਾ ਪੁਰਬ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਉਣ ਦੇ ਸੱਦਾ ਪੱਤਰ ਭੇਜ ਦਿੱਤੇ ਸਨ। ਉਸ ਵੇਲੇ ਸਿੱਖ ਹਰ ਤਰ੍ਹਾਂ ਦੀ ਮਾਨਵੀ ਸੁਤੰਤਰਤਾ ਲਈ ਯੁੱਧ ਲੜ ਰਹੇ ਸਨ। ਜ਼ਕਰੀਆ ਖਾਨ ਵੱਲੋਂ ਦਿੱਤੀ ਇਹ ਪ੍ਰਵਾਨਗੀ, ਪੁਰਬ ਲਈ ਪਹੁੰਚਣ ਵਾਲੇ ਸਿੱਖਾਂ ਦਾ ਕਤਲੇਆਮ ਕਰਨ ਦੀ ਯੁੱਧ ਨੀਤੀ ਦਾ ਇੱਕ ਦਾਅਪੇਚ ਸੀ।
ਜਦੋਂ ਭਾਈ ਮਨੀ ਸਿੰਘ ਨੂੰ ਸੂਬਾ ਲਾਹੌਰ ਦੀ ਇਸ ਗੁਪਤ ਯੋਜਨਾ ਦੀ ਸੂਚਨਾ ਮਿਲੀ ਤਾਂ ਉਸ ਨੇ ਸਿੱਖ ਸੰਗਤਾਂ ਨੂੰ ਪੁਰਬ ਉਤੇ ਨਾ ਪਹੁੰਚਣ ਦਾ ਸੰਦੇਸ਼ ਭੇਜ ਦਿੱਤਾ ਸੀ, ਨਤੀਜੇ ਵਜੋਂ ਇਹ ਪੁਰਬ ਉਸ ਸ਼ਾਨ ਨਾਲ ਨਾ ਮਨਾਇਆ ਜਾ ਸਕਿਆ ਜਿਸ ਦੀ ਕਿ ਤਵੱਕੋ ਕੀਤੀ ਜਾ ਰਹੀ ਸੀ। ਸਿੱਟੇ ਵਜੋਂ ਪੁਰਬ ਵੇਲੇ ਚੜ੍ਹਤ ਦੇ ਰੂਪ ਵਿੱਚ ਇਕੱਤਰ ਹੋਣ ਵਾਲੇ ਧਨ ਦੀ ਰਾਸ਼ੀ ਵਿਚੋਂ ਜ਼ਕਰੀਆ ਖਾਨ ਵੱਲੋਂ ਮਿੱਥੀ ਰਕਮ ਅਦਾ ਨਹੀਂ ਸੀ ਕੀਤੀ ਜਾ ਸਕਦੀ। ਇਸ ਉਤੇ ਵਿਵਾਦ ਹੋਇਆ ਪਰ ਕੁਝ ਸਾਲਸੀਆਂ ਵੱਲੋਂ ਵਿੱਚ ਪੈ ਕੇ ਸਮਝੌਤਾ ਕਰਾ ਦਿੱਤਾ ਗਿਆ ਸੀ ਅਤੇ ਚੜ੍ਹਤ ਵਿਚੋਂ ਨਿਰਧਾਰਤ ਰਕਮ ਅਦਾ ਕਰ ਦੇਣ ਦੇ ਇਕਰਾਰ ਨਾਲ ਆਉਂਦੀ ਵਿਸਾਖੀ ਦਾ ਪੁਰਬ ਮਨਾਉਣ ਦੀ ਦੁਬਾਰਾ ਪ੍ਰਵਾਨਗੀ ਦਿੱਤੀ ਗਈ ਸੀ। ਸੂਬਾ ਲਾਹੌਰ ਨੇ ਇਹ ਪ੍ਰਵਾਨਗੀ ਵੀ ਗੁਪਤ ਰੂਪ ਵਿੱਚ ਉਸੇ ਸਾਜਿਸ਼ ਅਧੀਨ ਦਿੱਤੀ ਸੀ। ਭਾਈ ਮਨੀ ਸਿੰਘ ਨੇ ਸਿੱਖਾਂ ਦੇ ਕਤਲੇਆਮ ਨੂੰ ਰੋਕਣ ਹਿਤ ਫੇਰ ਸੰਦੇਸ਼ ਭੇਜੇ ਪਰ ਇਸ ਦੇ ਬਾਵਜੂਦ ਕਾਫੀ ਸਿੰਘ ਸੰਦੇਸ਼ ਮਿਲਣ ਤੋਂ ਪਹਿਲਾਂ ਹੀ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਗਏ ਸਨ। ਸੂਬਾ ਲਾਹੌਰ ਨੇ ਲਖਪਤਿ ਰਾਏ ਦੀ ਕਮਾਨ ਹੇਠ ਫੌਜ ਭੇਜ ਕੇ ਸ੍ਰੀ ਹਰਿਮੰਦਰ ਸਾਹਿਬ ਉਤੇ ਹਮਲਾ ਕਰਵਾ ਦਿੱਤਾ ਸੀ। ਇਸ ਹਮਲੇ ਵਿੱਚ ਸਿੱਖਾਂ ਦਾ ਜਾਨੀ ਨੁਕਸਾਨ ਹੋਇਆ ਤੇ ਭਾਈ ਮਨੀ ਸਿੰਘ ਨੂੰ ਸਿੰਘਾਂ ਸਮੇਤ ਗ੍ਰਿਫਤਾਰ ਕਰਕੇ ਲਾਹੌਰ ਲਿਜਾਇਆ ਗਿਆ ਜਿਥੇ ਉਸ ਉਤੇ ਵਾਅਦੇ ਮੁਤਾਬਕ ਰਕਮ ਅਦਾ ਨਾ ਕਰ ਸਕਣ ਦਾ ਇਕਰਾਰ ਤੋੜਨ ਦਾ ਇਲਜ਼ਾਮ ਲਗਾਇਆ ਗਿਆ ਸੀ। ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆਸਥਾ ਤਿਆਗ ਦੇਣ ਵਾਸਤੇ ਤਸੀਹੇ ਦਿੱਤੇ ਗਏ ਸਨ।
24 ਜੂਨ, 1734 ਈ. ਵਾਲੇ ਦਿਨ ਉਸ ਨੂੰ ਨਖਾਸ ਚੌਕ ਵਿਚ, ਜੋ ਲਾਹੌਰ ਲੰਡੇ ਬਾਜ਼ਾਰ ਵਿੱਚ ਹੈ, ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਭਾਈ ਮਨੀ ਸਿੰਘ ਦਾ ਸਸਕਾਰ ਭਾਈ ਸੁਬੇਗ ਸਿੰਘ ਆਦਿ ਲਾਹੌਰੀ ਸਿੱਖਾਂ ਨੇ ਮਸਤੀ ਦਰਵਾਜ਼ਿਓਂ ਬਾਹਰ ਸ਼ਾਹੀ ਕਿਲ੍ਹੇ ਦੇ ਨਜ਼ਦੀਕ ਲਿਜਾ ਕੇ ਕੀਤਾ ਜਿਥੇ ਗੁਰਦੁਆਰਾ ਸ਼ਹੀਦ ਗੰਜ ਦੂਸਰਾ ਬਣਿਆ ਹੋਇਆ ਸੀ। ਇਸ ਤਰ੍ਹਾਂ ਭਾਈ ਮਨੀ ਸਿੰਘ ਹਰ ਮਾਨਵ ਨੂੰ ਆਪਣਾ ਸੁਤੰਤਰ ਧਾਰਮਕ ਅਕੀਦਾ ਰੱਖਣ ਵਾਸਤੇ ਲੜੀ ਜਾ ਰਹੀ ਆਜ਼ਾਦੀ ਦੀ ਜੰਗ ਦੌਰਾਨ ਸ਼ਹਾਦਤ ਨੂੰ ਪ੍ਰਾਪਤ ਹੋਣ ਵਾਲਾ (ਸ਼ਾਇਦ ਪਹਿਲਾ) ਸਿਰਮੌਰ ਸਿੱਖ ਵਿਦਵਾਨ ਸੀ। ਦੂਜੇ ਸ਼ਬਦਾਂ ਵਿੱਚ ਉਸ ਦੀ ਸ਼ਹੀਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਤੰਤਰ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਪ੍ਰਵਾਨ ਕਰਦੇ ਰਹਿਣ ਕਾਰਨ ਹੋਈ ਸੀ। ਇੱਥੇ ਇਹ ਲਿਖਣਾ ਦਿਲਚਸਪ ਹੋਵੇਗਾ ਕਿ ਭਾਈ ਮਨੀ ਸਿੰਘ ਦੇ ਨਾਂ ਨਾਲ ‘ਸ਼ਹੀਦ’ ਸ਼ਬਦ ਇਸ ਕਰਕੇ ਸਦੀਵੀ ਰੂਪ ਵਿੱਚ ਜੁੜ ਗਿਆ ਕਿਉਂਕਿ ਸਿੱਖਾਂ ਦੇ ਬਹੁਤੇ ਸਾਕਿਆਂ ਤੇ ਜੰਗਾਂ ਵਿੱਚ ਉਹ ਖੁਦ ਜਾਂ ਉਸ ਦੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਬਤੌਰ ਯੋਧਾ ਲੜਿਆ ਹੀ ਨਹੀਂ ਸਗੋਂ ਸ਼ਹਾਦਤ ਨੂੰ ਵੀ ਪ੍ਰਾਪਤ ਹੋਇਆ ਸੀ।
ਭਾਜਪਾ ਦੀ ਰੈਲੀ ਘੇਰਣ ਚੱਲੇ ਕਿਸਾਨਾਂ ਨੂੰ ਪੁਲਿਸ ਨੇ ਫੜ-ਫੜ ਕੇ ਕੁੱਟਿਆ ! ਕਿਸਾਨਾਂ ਨੇ ਵੀ ਪਰਵਾਹ ਨਹੀਂ ਕੀਤੀ ਤੇ….